4161 ਮਾਸਟਰ ਕਾਡਰ ਅਧਿਆਪਕਾਂ ਨੂੰ ਭੇਜੇ ਟਰਮੀਨੇਸ਼ਨ ਸ਼ੋ-ਕਾਜ਼ ਨੋਟਿਸ ਵਾਪਸ ਲਏ ਸਰਕਾਰ
4161 ਮਾਸਟਰ ਕਾਡਰ ਅਧਿਆਪਕਾਂ ਨੂੰ ਭੇਜੇ ਟਰਮੀਨੇਸ਼ਨ ਸ਼ੋ-ਕਾਜ਼ ਨੋਟਿਸ ਵਾਪਸ ਲਏ ਸਰਕਾਰ
Publish Date: Sat, 23 May 2026 06:09 PM (IST)
Updated Date: Sat, 23 May 2026 06:10 PM (IST)

ਫਾਜ਼ਿਲਕਾ : ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 4161 ਮਾਸਟਰ ਕਾਡਰ ਭਰਤੀ ਦੇ 253 ਅਧਿਆਪਕਾਂ ਨੂੰ ਜਾਰੀ ਕੀਤੇ ਟਰਮੀਨੇਸ਼ਨ ਸਬੰਧੀ ਸ਼ੋ-ਕਾਜ਼ ਨੋਟਿਸਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਬਿਨਾਂ ਕਿਸੇ ਕਸੂਰ ਦੇ ਤਿੰਨ ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਦਾ ਰੋਜ਼ਗਾਰ ਖੋਹਣਾ ਉਨ੍ਹਾਂ ਨਾਲ ਵੱਡਾ ਅਨਿਆਇ ਹੈ। ਯੂਨੀਅਨ ਆਗੂ ਮਨੋਜ ਬੱਤਰਾ, ਸੁਖਵਿੰਦਰ ਸਿੱਧੂ, ਸੁਨੀਲ ਗਾਂਧੀ ਅਤੇ ਇਨਕਲਾਬ ਗਿੱਲ ਨੇ ਦੱਸਿਆ ਕਿ 4161 ਮਾਸਟਰ ਕਾਡਰ ਦੀ ਭਰਤੀ ਲਈ ਪ੍ਰੀਖਿਆ ਅਗਸਤ 2022 ਵਿੱਚ ਹੋਈ ਸੀ, ਜਿਸ ਦਾ ਨਤੀਜਾ ਦਸੰਬਰ 2022 ਵਿੱਚ ਐਲਾਨਿਆ ਗਿਆ ਅਤੇ ਜਨਵਰੀ 2023 ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਜੁਆਇਨਿੰਗ ਲੈਟਰ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਭਰਤੀ ਪ੍ਰੀਖਿਆ ਦੀ ਉੱਤਰ ਕੁੰਜੀ ਵਿੱਚ ਕੁਝ ਤਰੁੱਟੀਆਂ ਸਬੰਧੀ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗਿਆ ਸੀ। ਕੋਰਟ ਦੇ ਹੁਕਮਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰਾਂ ਦੀ ਸਾਂਝੀ ਕਮੇਟੀ ਬਣਾਕੇ ਉੱਤਰ ਕੁੰਜੀ ਦੀ ਸਮੀਖਿਆ ਕਰਵਾਈ ਗਈ। ਕਮੇਟੀ ਵੱਲੋਂ ਤਰੁੱਟੀਆਂ ਠੀਕ ਕਰਕੇ ਨਵੀਂ ਸੋਧੀ ਹੋਈ ਉੱਤਰ ਕੁੰਜੀ ਤਿਆਰ ਕੀਤੀ ਗਈ, ਜਿਸ ਦੇ ਆਧਾਰ ’ਤੇ ਦੁਬਾਰਾ ਸਲੈਕਸ਼ਨ ਲਿਸਟ ਬਣਾਈ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਸੋਧੀ ਹੋਈ ਸਲੈਕਸ਼ਨ ਲਿਸਟ ਵਿੱਚ ਕੁਝ ਅਧਿਆਪਕਾਂ ਦੇ ਅੰਕ ਘੱਟ ਹੋਣ ਕਾਰਨ ਉਹ ਬਾਹਰ ਹੋ ਗਏ, ਜਦਕਿ ਹੋਰ ਉਮੀਦਵਾਰਾਂ ਦੇ ਅੰਕ ਵੱਧਣ ਨਾਲ ਉਹ ਸੂਚੀ ਵਿੱਚ ਸ਼ਾਮਲ ਹੋ ਗਏ। ਇਸ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਸੇਵਾ ਕਰ ਰਹੇ 253 ਅਧਿਆਪਕਾਂ ਨੂੰ ਵਿਭਾਗ ਵੱਲੋਂ ਟਰਮੀਨੇਸ਼ਨ ਸ਼ੋ-ਕਾਜ਼ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਆਗੂਆਂ ਨੇ ਕਿਹਾ ਕਿ ਇਹ ਅਧਿਆਪਕ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ ਅਤੇ ਭਰਤੀ ਵਿੱਚ ਹੋਈ ਤਕਨੀਕੀ ਗਲਤੀ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਨੁੱਖਤਾ ਦੇ ਆਧਾਰ ’ਤੇ ਇਨ੍ਹਾਂ ਅਧਿਆਪਕਾਂ ਦੀ ਨੌਕਰੀ ਸੁਰੱਖਿਅਤ ਕਰੇ। ਯੂਨੀਅਨ ਵੱਲੋਂ ਇਸ ਸਬੰਧੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਪੀੜਤ ਅਧਿਆਪਕਾਂ ਦੇ ਹੱਕ ਵਿੱਚ ਤੁਰੰਤ ਦਖ਼ਲ ਦੀ ਮੰਗ ਕੀਤੀ ਗਈ ਹੈ।