ਨਕਲੀ ਮਠਿਆਈਆਂ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰੇ ਸਰਕਾਰ : ਬੀਕੇਯੂ ਕਾਦੀਆਂ
ਨਕਲੀ ਮਠਿਆਈਆਂ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰੇ ਸਰਕਾਰ : ਬੀਕੇਯੂ ਕਾਦੀਆਂ
Publish Date: Wed, 25 Mar 2026 05:18 PM (IST)
Updated Date: Wed, 25 Mar 2026 05:19 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਸ਼ਹਿਰ ਦੀ ਇਕ ਨਾਮੀ ਦੁਕਾਨ ਜਿਸ ਦੀਆਂ ਮਠਿਆਈਆਂ ਦੂਰ ਤੱਕ ਮਸ਼ਹੂਰ ਹਨ।ਇਸ ਦੁਕਾਨ ਤੇ ਪਿਛਲੇ ਦਿਨੀਂ ਸਿਹਤ ਵਿਭਾਗ ਵੱਲੋਂ ਮਾਰੇ ਗਏ ਛਾਪੇ ਦੌਰਾਨ ਭਰੇ ਗਏ ਮਠਿਆਈਆਂ ਦੇ ਸੈਂਪਲਾਂ ਦੇ ਜਿਹੜੇ ਰਿਜਲਟ ਆਏ ਹਨ,ਉਨ੍ਹਾਂ ਵਿੱਚੋਂ ਖੋਏ ਦਾ ਸੈਂਪਲ ਫੇਲ੍ਹ ਹੋਇਆ ਹੈ।ਇਸ ਮੌਕੇ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ,ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਹਰਪ੍ਰੀਤ ਸਿੰਘ ਲੌਂਗੋਦੇਵਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮਖੂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਕੁਝ ਦੁਕਾਨਾਂ ਦੇ ਸੈਂਪਲ ਆ ਗਏ ਹਨ ਤੇ ਬਾਕੀ ਕੁਝ ਦੁਕਾਨਾਂ ਜਿਨਾਂ ਤੋਂ ਘਿਓ ਅਤੇ ਹੋਰ ਚੀਜ਼ਾਂ ਦੇ ਸੈਂਪਲ ਭਰੇ ਗਏ ਹਨ ਦੇ ਰਿਜਲਟ ਵੀ ਜਲਦ ਹੀ ਆਉਣ ਵਾਲੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤਹਿਸੀਲ ਪੱਧਰ ਤੇ ਇਨ੍ਹਾਂ ਟੈਸਟਾਂ ਦੀਆਂ ਲੈਬਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਟੈਸਟਾਂ ਨੂੰ ਕਰਵਾਏ ਜਾਣ ਵਿਚ ਇਨ੍ਹਾਂ ਲੰਮਾ ਸਮਾਂ ਨਹੀਂ ਲੱਗਣਾ ਚਾਹੀਦਾ, ਕਿਉਂਕਿ ਇਨ੍ਹਾਂ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਹੇਰਾ ਫੇਰੀਆਂ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਖੋਏ ਦੇ ਸੈਂਪਲ ਫੇਲ ਹੋਣ ਸਬੰਧੀ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਸ ਦੁਕਾਨ ਦਾ ਖੋਏ ਦਾ ਸੈਂਪਲ ਫੇਲ ਹੋਇਆ ਹੈ, ਦੁਕਾਨ ਮਾਲਕਾਂ ਤੇ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਦੇ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਕਲੀ ਮਠਿਆਈਆਂ ਖਾਣ ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਬਿਮਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਤੇ ਲੋਕਾਂ ਦੀ ਵੱਡੀ ਪੂੰਜੀ ਇਲਾਜ ਲਈ ਖਰਚ ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਭ ਕੁਝ ਦਾ ਨੋਟਿਸ ਲਵੇ । ਇਸ ਮੌਕੇ ਜਸਪ੍ਰੀਤ ਸਿੰਘ ਲੌਂਗੋਦੇਵਾ, ਬਾਬਾ ਤਰਸੇਮ ਸਿੰਘ ਤਲਵੰਡੀ, ਰਾਮ ਸਿੰਘ ਸੇਖਵਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਜਦ ਸਿਹਤ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਅਮਰਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਠਿਆਈ ਦੀ ਦੁਕਾਨ ਦੇ ਮਾਲਕਾਂ ਨੂੰ ਖੋਏ ਦੀ ਰੀਚੈਕਿੰਗ ਦਾ ਮੌਕਾ ਦਿੱਤਾ ਜਾਵੇਗਾ, ਜੇਕਰ ਪਾਰਟੀ ਰੀਚੈਕਿੰਗ ਨਹੀਂ ਕਰਵਾਉਂਦੀ ਜਾਂ ਰੀਚੈਕਿੰਗ ਤੋਂ ਬਾਅਦ ਸੈਂਪਲ ਫਿਰ ਤੋਂ ਫੇਲ ਪਾਏ ਗਏ ਤਾਂ ਕਥਿਤ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।