ਟਰਾਂਸਫਾਰਮਰ ਦਾ ਤੇਲ, ਤਾਰਾਂ ਤੇ ਸਟਾਰਟਰ ਚੋਰੀ ਖ਼ਿਲਾਫ਼ ਕਾਨੂੰਨ ਬਣਾਏ ਸਰਕਾਰ
ਟਰਾਂਸਫਾਰਮਰ ਦਾ ਤੇਲ,ਤਾਰਾਂ ਤੇ ਸਟਾਰਟਰ ਚੋਰੀ ਖਿਲਾਫ ਕਾਨੂੰਨ ਬਣਾਵੇ ਸਰਕਾਰ: ਕਿਸਾਨ ਜਥੇਬੰਦੀਆਂ
Publish Date: Wed, 20 May 2026 04:32 PM (IST)
Updated Date: Wed, 20 May 2026 04:34 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਇਕ ਵਿਸ਼ਾਲ ਇਕੱਤਰਤਾ ਗੁਰਦੁਆਰਾ ਸ਼ੀਹਣੀ ਸਾਹਿਬ ਪਿੰਡ ਮੇਹਰ ਸਿੰਘ ਵਾਲਾ ਵਿਖੇ ਹੋਈ। ਮੀਟਿੰਗ ਵਿੱਚ ਬੀਕੇਯੂ ਕਾਦੀਆਂ,ਬੀਕੇਯੂ ਕ੍ਰਾਂਤੀਕਾਰੀ,ਬੀਕੇਯੂ ਬਹਿਰਾਮ ਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬੀਕੇਯੂ ਖੋਸਾ ਆਦਿ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ,ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਆਗੂ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਬੀਕੇਯੂ ਕਾਦੀਆਂ ਦੇ ਪੰਜਾਬ ਦੇ ਐਗਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੁਖਦੇਵ ਸਿੰਘ ਸਨ੍ਹੇਰ, ਗੁਰਚਰਨ ਸਿੰਘ ਨੂਰਪੁਰ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਸਾਂਝਾ ਮੋਰਚਾ ਦੇ ਆਗੂ ਰੋਮਨ ਬਰਾੜ,ਬੀਕੇਯੂ ਬਹਿਰਾਮ ਕੇ ਦੇ ਜ਼ਿਲ੍ਹਾ ਸੀਨੀਅਰ ਪ੍ਰਧਾਨ ਨੈਬ ਸਿੰਘ ਬੋਤੀਆਂ ਵਾਲਾ ਆਦਿ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ ਚੋਰੀ ਹੋ ਰਹੀਆਂ ਕੇਬਲ ਤਾਰਾਂ, ਸਟਾਰਟਰ ਅਤੇ ਟਰਾਂਸਫਾਰਮਾਂ ਦਾ ਤੇਲ ਕੱਢਿਆ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਪੁਲਿਸ ਦਾ ਇਹੋ ਜਵਾਬ ਹੁੰਦਾ ਹੈ ਕਿ ਸਾਡੇ ਕੋਲ ਢੁਕਵੀ ਨਫਰੀ ਨਹੀਂ। ਇਸ ਲਈ ਚੋਰੀ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ ਅਤੇ ਲੋਕ ਲਗਾਤਾਰ ਇਸ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਸਰਬਸੰਮਤੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਪੰਜ ਮਤੇ ਪਾਸ ਕੀਤੇ ਗਏ, ਜਿਸ ਵਿੱਚ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਰੇਲਵੇ ਦੇ ਲੋਹੇ ਦੀ ਵਿਕਰੀ ਰੋਕਣ ਵਾਂਗ ਟਰਾਂਸਫਾਰਮਾਂ ਦਾ ਤੇਲ ਕੇਬਲਾਂ ਅਤੇ ਚੋਰੀ ਦੇ ਸਟਾਰਟਰ ਦੀ ਬਾਜ਼ਾਰ ਵਿੱਚ ਵਿਕਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਜਾਵੇ, ਸਾਮਾਨ ਖਰੀਦਣ ਵਾਲੇ ਕਬਾੜੀਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਏਗਾ, ਅਜਿਹਾ ਨਾ ਕਰਨ ਦੀ ਸੂਰਤ ਵਿਚ ਕਿਸਾਨਾਂ ਵੱਲੋਂ ਸੰਬੰਧਿਤ ਕਬਾੜੀਏ ਦੀ ਦੁਕਾਨ ਬੰਦ ਕਰਾਉਣ ਦੀ ਚਾਰਾਜੋਈ ਕੀਤੀ ਜਾਏਗੀ। ਚੋਰੀ ਕਰਨ ਵਾਲੇ, ਚੋਰੀ ਦਾ ਸਮਾਨ ਖਰੀਦਣ ਵਾਲੇ ਅਤੇ ਇਨ੍ਹਾਂ ਦੀ ਹਮਾਇਤ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ। ਜੇਕਰ ਕੋਈ ਦੁਕਾਨਦਾਰ ਜਾਂ ਮਕੈਨਿਕ ਚਿੱਟਾ ਪੀਣ ਵਾਲੇ ਮੁਲਾਜ਼ਮਾਂ ਨੂੰ ਕੰਮ ਤੇ ਰੱਖਦਾ ਹੈ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਏਗਾ।