ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥਣ ਕਵਿਤਾ ਰਾਣੀ ਦਾ ਸਨਮਾਨ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾ ਦੀ ਚੜ੍ਹਤ ਕਾਇਮ
Publish Date: Wed, 13 May 2026 05:07 PM (IST)
Updated Date: Wed, 13 May 2026 05:09 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾ ਨੇ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਦਬਦਬਾ ਕਾਇਮ ਰੱਖਿਆ ਹੈ। ਸਕੂਲ ਦੀ ਹੋਣਹਾਰ ਵਿਦਿਆਰਥਣ ਕਵਿਤਾ ਰਾਣੀ ਨੇ 500 ਵਿੱਚੋਂ ਪੂਰੇ 500 ਅੰਕ ਪ੍ਰਾਪਤ ਕਰਕੇ ਸਿਖਰਲੀ ਪੁਜੀਸ਼ਨ ਹਾਸਲ ਕੀਤੀ, ਜਦਕਿ ਮੋਨਿਕਾ ਰਾਣੀ ਸੁਪੁੱਤਰੀ ਸ਼੍ਰੀ ਲਖਵਿੰਦਰ ਸਿੰਘ ਨੇ 99 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਲਈ ਮਾਣ ਵਾਲੀ ਗੱਲ ਇਹ ਵੀ ਰਹੀ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸ਼ਨ ਸਮਰੱਥ ਅਧੀਨ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦੀਆਂ ਬੈਸਟ ਟੀਚਿੰਗ ਪ੍ਰੈਕਟਿਸਿਜ਼ ਦੇ ਵਿਸ਼ੇਸ਼ ਸੰਗ੍ਰਹਿ (ਕੰਪੈਂਡੀਅਮ) ਵਿੱਚ ਸਕੂਲ ਦੀ ਅਧਿਆਪਕਾ ਸ਼ੈਲ ਕੁਮਾਰੀ ਦੀਆਂ ਨਿਵੇਕਲੀਆਂ ਸਿੱਖਣ-ਸਿਖਾਉਣ ਦੀਆਂ ਵਿਧੀਆਂ ਨੂੰ ਸ਼ਾਮਲ ਕਰਕੇ ਵਿਸ਼ੇਸ਼ ਸ਼ਲਾਘਾ ਕੀਤੀ ਗਈ ਹੈ। ਸਕੂਲ ਇੰਚਾਰਜ ਮਮਤਾ ਸਚਦੇਵਾ, ਅਧਿਆਪਕਾ ਸ਼ੈਲ ਕੁਮਾਰੀ ਅਤੇ ਰਾਧਿਕਾ ਅਰੋੜਾ ਦੀ ਅਣਥੱਕ ਮਿਹਨਤ ਸਦਕਾ ਸਕੂਲ ਦਾ ਨਤੀਜਾ ਹਰ ਸਾਲ ਸੌ ਫੀਸਦੀ ਰਹਿੰਦਾ ਆ ਰਿਹਾ ਹੈ। ਸਿੱਖਿਆ ਵਿਭਾਗ ਅਤੇ ਇਲਾਕਾ ਨਿਵਾਸੀਆਂ ਨੇ ਸਮੂਹ ਸਟਾਫ਼ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਕਾਰਨ ਹੀ ਸਰਕਾਰੀ ਸਕੂਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।