ਗੋਬਿੰਦ ਰਾਮ ਅਗਰਵਾਲ ਨੇ ਭਾਜਪਾ ਦੀ ਸ਼ਾਨਦਾਰ ਜਿੱਤ ’ਤੇ ਤਰੁਣ ਚੁੱਘ ਨੂੰ ਦਿੱਤੀ ਵਧਾਈ
ਗੋਬਿੰਦ ਰਾਮ ਅਗਰਵਾਲ ਨੇ ਭਾਜਪਾ ਦੀ ਸ਼ਾਨਦਾਰ ਜਿੱਤ ’ਤੇ ਤਰੁਣ ਚੁੱਘ ਨੂੰ ਦਿੱਤੀ ਵਧਾਈ
Publish Date: Tue, 12 May 2026 05:53 PM (IST)
Updated Date: Tue, 12 May 2026 05:54 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਭਾਜਪਾ ਬੂਥ ਮੈਨੇਜਮੈਂਟ ਸੈੱਲ ਦੇ ਕਨਵੀਨਰ ਗੋਬਿੰਦ ਰਾਮ ਅਗਰਵਾਲ ਨੇ ਦਿੱਲੀ ਸਥਿਤ ਪਾਰਟੀ ਦੇ ਕੇਂਦਰੀ ਮੁੱਖ ਦਫ਼ਤਰ ਵਿਖੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਰਾਜਾਂ ਵਿੱਚ ਭਾਜਪਾ ਨੂੰ ਮਿਲੀ ਇਤਿਹਾਸਕ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਲਘੂ ਉਦਯੋਗ ਸੈੱਲ ਦੇ ਸਾਬਕਾ ਪ੍ਰਧਾਨ ਅਤੇ ਐੱਮਸੀ ਜੈਤੋ ਪ੍ਰਦੀਪ ਸਿੰਗਲਾ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਸਨ। ਵਧਾਈ ਦਿੰਦਿਆਂ ਗੋਬਿੰਦ ਰਾਮ ਅਗਰਵਾਲ ਨੇ ਕਿਹਾ ਕਿ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਭਾਜਪਾ ਨੇ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਸੰਕਲਪ ਨਾਲ ਕੰਮ ਕਰਦਿਆਂ ਸਮਾਜ ਦੇ ਹਰ ਵਰਗ ਤੱਕ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਦੇਸ਼ ਭਰ ਵਿੱਚ ਆਮ ਜਨਤਾ ਦਾ ਭਰੋਸਾ ਭਾਜਪਾ ’ਤੇ ਹੋਰ ਮਜ਼ਬੂਤ ਹੋਇਆ ਹੈ।ਉਨ੍ਹਾਂ ਅੱਗੇ ਕਿਹਾ ਕਿ ਇਹੀ ਕਾਰਨ ਹੈ ਕਿ ਭਾਜਪਾ ਨੇ ਪੱਛਮੀ ਬੰਗਾਲ, ਅਸਾਮ ਅਤੇ ਪਾਂਡੀਚੇਰੀ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਨੇ ਭਾਰੀ ਬਹੁਮਤ ਹਾਸਲ ਕੀਤਾ ਹੈ, ਜਦੋਂ ਕਿ ਅਸਾਮ ਵਿੱਚ ਪਾਰਟੀ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਕੇ ਹੈਟ੍ਰਿਕ ਲਗਾਈ ਹੈ। ਗੋਬਿੰਦ ਰਾਮ ਅਗਰਵਾਲ ਨੇ ਪੰਜਾਬ ਦੀ ਸਿਆਸਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਵੀ ਭਲੀਭਾਂਤ ਸਮਝ ਚੁੱਕੀ ਹੈ ਕਿ ਸਿਰਫ਼ ਭਾਜਪਾ ਹੀ ਸੂਬੇ ਅਤੇ ਇੱਥੋਂ ਦੇ ਲੋਕਾਂ ਦਾ ਅਸਲ ਭਲਾ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਭਾਜਪਾ ਨੂੰ ਪੂਰਨ ਬਹੁਮਤ ਦੇ ਕੇ ਵਿਕਾਸ ਦੀ ਲਹਿਰ ਦਾ ਹਿੱਸਾ ਬਣਨਗੇ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨੀ ਹੁਣ ਪੂਰੀ ਤਰ੍ਹਾਂ ਤੈਅ ਹੈ। ਉਨ੍ਹਾਂ ਅੰਤ ਵਿਚ ਕਿਹਾ ਕਿ ਕੇਂਦਰ ਸਰਕਾਰ ਦੀ ਪਾਰਦਰਸ਼ੀ ਕਾਰਜ ਪ੍ਰਣਾਲੀ, ਦ੍ਰਿੜ੍ਹ ਇਰਾਦੇ ਵਾਲੀ ਲੀਡਰਸ਼ਿਪ ਅਤੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਂਦੀ ਹੈ। ਵੱਖ-ਵੱਖ ਰਾਜਾਂ ਦੇ ਚੋਣ ਨਤੀਜੇ ਇਸੇ ਵਿਸ਼ਵਾਸ ਦੀ ਜਿਉਂਦੀ-ਜਾਗਦੀ ਮਿਸਾਲ ਹਨ।