ਗੌਰਵ ਮਾਣਿਕ ਬਣੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਨਵੇਂ ਪ੍ਰਧਾਨ
ਗੌਰਵ ਮਾਣਿਕ ਬਣੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ
Publish Date: Sat, 09 May 2026 07:19 PM (IST)
Updated Date: Sat, 09 May 2026 07:20 PM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਪ੍ਰੈਸ ਕਲੱਬ ਫਿਰੋਜ਼ਪੁਰ ਦੀਆਂ ਸਲਾਨਾ ਚੋਣਾਂ ਵਿੱਚ ਪੱਤਰਕਾਰ ਗੌਰਵ ਮਾਣਿਕ ਨੂੰ ਨਵੇਂ ਪ੍ਰਧਾਨ ਚੁਣ ਲਿਆ ਗਿਆ।ਬਹੁਤ ਹੀ ਕਾਂਟੇ ਦੀ ਟੱਕਰ ਵਿੱਚ ਗੌਰਵ ਮਾਣਿਕ ਨੇ ਬੋਬੀ ਖੁਰਾਣਾ ਨੂੰ ਇਕ ਵੋਟ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ। ਇਸ ਤੋਂ ਪਹਿਲੋਂ ਕਲੱਬ ਦੀ ਪ੍ਰਬੰਧਕੀ ਟੀਮ ਵੱਲੋਂ ਬੀਤੇ ਕਰੀਬ ਇਕ ਹਫਤੇ ਤੋਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਸੀ। ਕਲੱਬ ਦੇ ਸਾਬਕਾ ਪ੍ਰਧਾਨ ਮਨਦੀਪ ‘ਮੋਂਟੀ’ ਅਤੇ ਅਹੁਦੇਦਾਰਾਂ ਵੱਲੋਂ ਗਠਿਤ ਪੰਜ ਮੈਂਬਰੀ ਟੀਮ ਵੱਲੋਂ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਕਰਨ ਤੋਂ ਪਹਿਲੋਂ ਪ੍ਰਧਾਨਗੀ ਦਾਅਵੇਦਾਰਾਂ ਵਿਚ ਸਰਵ ਸੰਮਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪ੍ਰੈਸ ਕਲੱਬ ਫਿਰੋਜ਼ਪੁਰ ਦੀਆਂ ਚੋਣਾਂ ਤੋਂ ਪਹਿਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਤਾਂ ਜੋ ਸਰਵ ਸੰਮਤੀ ਨਾਲ ਹੀ ਪ੍ਰਧਾਨ ਦੀ ਚੋਣ ਕੀਤੀ ਜਾ ਸਕੇ। ਇਸ ਵਾਰ ਸਰਵ ਸੰਮਤੀ ਨਾ ਬਣਨ ’ਤੇ ਮੁਕਾਬਲ ਗੌਰਵ ਮਾਣਿਕ ਅਤੇ ਬੋਬੀ ਖੁਰਾਣਾ ਵਿੱਚ ਸਿੱਧਾ ਸਿੱਧਾ ਹੀ ਸੀ। ਗੌਰਵ ਮਾਣਿਕ ਦੀ ਪਛਾਣ ਜਿਥੇ ਵੱਖ ਵੱਖ ਨੈਸ਼ਨਲ ਚੈਨਲਾਂ ਨਾਲ ਜੁੜੇ ਸੀਨੀਅਰ ਅਤੇ ਸੰਜ਼ੀਦਾ ਪੱਤਰਕਾਰ ਵਜੋਂ ਹੈ ਤਾਂ ਬੋਬੀ ਖੁਰਾਣਾ ਦੀ ਪਛਾਣ ਸਾਦਾ,ਹੱਸਮੁੱਖ ਅਤੇ ਮਿੱਠਬੋਲੜੇ ਸ਼ਖਸ ਵਜੋਂ ਹੁੰਦੀ ਹੈ ਜੋ ‘ਮੇਰਾ ਫਿਰੋਜ਼ਪੁਰ’ਚੈਨਲ ਚਲਾਉਂਦੇ ਹਨ। ਸ਼ਨੀਚਰਵਾਰ ਦੁਪਹਿਰ ਪਈਆਂ ਵੋਟਾਂ ਦੀ ਇਸ ਵਾਰ ਖਾਸੀਅਤ ਇਹ ਰਹੀ ਕਿ ਜਿਹੜੇ ਮੈਂਬਰ ਮੌਕੇ ’ਤੇ ਮੌਜੂਦ ਨਹੀਂ ਸਨ ,ਉਨ੍ਹਾਂ ਦੀ ਅਥਾਰਟੀ ਲੈਟਰ ਨਾਲ ਕੋਈ ਵੀ ਉਨ੍ਹਾਂ ਦੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸੱਕਦਾ ਸੀ।ਦੁਪਹਿਰ ਇਕ ਵਜੇ ਤੱਕ ਪਈਆਂ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਗੌਰਵ ਮਾਣਿਕ ਨੂੰ 24 ਅਤੇ ਬੋਬੀ ਖੁਰਾਣਾ ਨੂੰ 23 ਵੋਟਾਂ ਪਈਆਂ ਸਨ।ਬਹੁਤ ਜ਼ਿਆਦਾ ਕਾਂਟੇ ਦੀ ਟੱਕਰ ਵਿੱਚ ਲਗਭਗ ਬਰਾਬਰ ਪਈਆਂ ਵੋਟਾਂ ਦੋਵਾਂ ਹੀ ਉਮੀਦਵਾਰਾਂ ਦੀ ਕਲੱਬ ਮੈਂਬਰਾਂ ਵਿੱਚ ਬਰਾਬਰ ਦੀ ਮੱਕਬੂਲੀਅਤ ਵਿਖਾਉਂਦੀ ਹੈ। ਇਸ ਮੌਕੇ ਬੋਬੀ ਖੁਰਾਣਾ ਵੱਲੋਂ ਨਵੇਂ ਪ੍ਰਧਾਨ ਨੂੰ ਵਧਾਈ ਦਿੱਤੀ ਗਈ ਤਾਂ ਪ੍ਰਧਾਨ ਗੌਰਵ ਮਾਣਿਕ ਨੇ ਵੀ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।