ਗੈਂਗਸਟਰ ਅਸ਼ੀਸ਼ ਚੋਪੜਾ ਦਾ 17 ਮਾਰਚ ਤੱਕ ਮਿਲਿਆ ਪੁਲਿਸ ਰਿਮਾਂਡ

– ਪਾਕਿਸਤਾਨੀ ਏਜੰਸੀਆਂ ਦੀ ਮਦਦ ਨਾਲ ਕਰਦਾ ਸੀ ਨਸ਼ਾ ਤਸਕਰੀ : ਡੀਜੀਪੀ
– ਜੇਰੇ ਰਿਮਾਂਡ ‘ਖਾਦੀ ਤੇ ਖਾਕੀ’ ਵਾਲਿਆਂ ਨਾਲ ਸਬੰਧਾਂ ਦੇ ਵੀ ਹੋ ਸੱਕਦੇ ਹਨ ਖੁਲਾਸੇ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਬੀਤੇ ਵੀਰਵਾਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਖ਼ਤਰਨਾਕ ਗੈਂਗਸਟਰ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਨੂੰ ਸ਼ੁੱਕਰਵਾਰ ਸਵੇਰੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਵੱਲੋਂ ਉਸ ਨੂੰ 17 ਮਾਰਚ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਸਥਾਨਕ ਕੰਬੋਜ ਨਗਰ ਵਿਖੇ ਸਾਲ 2024 ਦੌਰਾਨ ਹੋਏ ਸਨਸਨੀਖੇਜ਼ ਟ੍ਰਿਪਲ ਮਰਡਰ ਕੇਸ ਸਮੇਤ ਹਥਿਆਰਾਂ, ਨਸ਼ੀਲੇ ਪਦਾਰਥ ਅਤੇ ਹੋਰ ਕਈ ਕੇਸਾਂ ’ਚ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਅਸ਼ੀਸ਼ ਨੂੰ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਮਿਡਲ ਈਸਟ ਦੇ ਇਕ ਦੇਸ਼ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਸ਼ੀਸ਼ ਚੋਪੜਾ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ ’ਤੇ ਰੈੱਡ ਕਾਰਨਰ ਨੋਟਿਸ ਅਤੇ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਲਗਾਤਾਰ ਅੰਤਰਰਾਸ਼ਟਰੀ ਤਾਲਮੇਲ ਤੋਂ ਬਾਅਦ ਉਸਦੀ ਲੋਕੇਸ਼ਨ ਇੱਕ ਮੱਧ ਏਸ਼ੀਆਈ ਦੇਸ਼ ’ਚ ਟਰੇਸ ਕੀਤੀ ਗਈ। ਇਸ ਤੋਂ ਬਾਅਦ ਉਸਨੂੰ ਡਿਪੋਰਟ ਕਰਕੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਉਧਰ ਇਸ ਸਬੰਧੀ ਵੀਰਵਾਰ ਨੂੰ ਮੀਡੀਆ ਸਾਹਮਣੇ ਆਉਂਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਸ਼ੀਸ਼ ਚੋਪੜਾ ਪੰਜਾਬ ’ਚ ਪਾਕਿਸਤਾਨ ਰਾਹੀਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦੀ ਇੱਕ ਅਹਿਮ ਕੜੀ ਮੰਨਿਆ ਜਾਂਦਾ ਹੈ। ਕਾਨੂੰਨ ਦੀ ਗ੍ਰਿਫ਼ਤ ਤੋਂ ਬਚਣ ਲਈ ਉਹ ਵਿਦੇਸ਼ ਭੱਜ ਗਿਆ ਸੀ ਅਤੇ ਉੱਥੋਂ ਹੀ ਆਪਣੇ ਗਿਰੋਹ ਨੂੰ ਚਲਾਉਂਦਾ ਰਿਹਾ। ਪੰਜਾਬ ਪੁਲਿਸ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਦੇਸ਼ਾਂ ਤੋਂ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਭਗੌੜਿਆਂ ਅਤੇ ਹੈਂਡਲਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ।
-----------------------------------------------------
50 ਤੋਂ ਵੱਧ ਰਾਊਂਡ ਫਾਇਰਿੰਗ ਨਾਲ ਦਹਿਲਿਆ ਸੀ ਕੰਬੋਜ ਨਗਰ
----ਜ਼ਿਕਰਯੋਗ ਹੈ ਕਿ ਅਗਸਤ 2024 ’ਚ ਫਿਰੋਜ਼ਪੁਰ ਸ਼ਹਿਰ ਦੇ ਕੰਬੋਜ ਨਗਰ ਵਿਖੇ ਅਸ਼ੀਸ਼ ਚੋਪੜਾ ਦੇ ਵਿਰੋਧੀ ਮੰਨੇ ਜਾਂਦੇ ਦਿਲਦੀਪ ਸਿੰਘ ਉਰਫ ਲੱਲ੍ਹੀ ਨਾਲ ਚੱਲ ਰਹੀ ਦੁਸ਼ਮਣੀ ਦੇ ਚਲਦਿਆਂ ਅਸ਼ੀਸ਼ ਚੋਪੜਾ ਦੇ ਸ਼ੂਟਰਾਂ ਨੇ ਲੱਲ੍ਹੀ ਦੀ ਕਾਰ ’ਤੇ 50 ਤੋਂ ਵੱਧ ਰਾਊਂਡ ਫਾਇਰਿੰਗ ਕੀਤੀ ਸੀ। ਇਸ ਹਮਲੇ ਵਿੱਚ ਦਿਲਦੀਪ ਸਿੰਘ ਉਰਫ ਲੱਲ੍ਹੀ , ਕੁਝ ਦਿਨਾਂ ਵਿੱਚ ਵਿਆਹੀ ਜਾਣ ਵਾਲੀ ਉਸ ਦੀ ਚਚੇਰੀ ਭੈਣ ਅਤੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ ਸੀ, ਜਦਕਿ ਲੱਲ੍ਹੀ ਦੇ ਚਚੇਰੇ ਭਰਾ ਸਮੇਤ ਦੋ ਨੌਜਵਾਨ ਗੰਭੀਰ ਜਖ਼ਮੀ ਹੋ ਗਏ ਸਨ। ਉਸ ਵਾਰਦਾਤ ਤੋਂ ਮਗਰੋਂ ਅਸ਼ੀਸ਼ ਚੋਪੜਾ ਦੇ ਸਾਰੇ 6 ਸ਼ੂਟਰ ਫਿਲਮੀਂ ਅੰਦਾਜ਼ ਵਿਚ ਸਿਕੰਦਰਾਬਾਦ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਸਨ, ਜਿਥੋਂ ਉਨ੍ਹਾ ਨੂੰ ਪ੍ਰੋਡੱਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਉਸ ਵੇਲੇ ਹੈਰਾਨੀ ਇਹ ਹੋਈ ਸੀ ਕਿ ਜਿਹੜੀ ਵਾਰਦਾਤ ਵਿਚ 6 ਸ਼ੂਟਰਾਂ ਵੱਲੋਂ 50 ਤੋਂ ਵੱਧ ਰਾਉਂਡ ਫਾਇਰ ਕੀਤੇ ਹੋਣ, ਉਸ ਵਾਰਦਾਤ ਦੇ ਦੋਸ਼ੀਆਂ ਤੋਂ ਜ਼ੇਰੇ ਰਿਮਾਂਡ ਪੁਲਿਸ ਸਾਰੇ ਵੈਪਨ ਵੀ ਰਿਕੱਵਰ ਨਹੀਂ ਕਰਵਾ ਸਕੀ ਸੀ।
-----------------------------------------------------
ਖਾਦੀ ਅਤੇ ਖਾਕੀ ਵਾਲਿਆਂ ਨਾਲ ਸਬੰਧ ਵੀ ਆ ਸੱਕਦੇ ਹਨ ਸਾਹਮਣੇ
---ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਅਸ਼ੀਸ਼ ਚੋਪੜਾ ਨੂੰ ਫਿਰੋਜ਼ਪੁਰ ਲਿਆਂਦਾ ਜਾ ਰਿਹਾ ਹੈ। ਕੋਰਟ ਵਿਚ ਪੇਸ਼ ਕਰਨ ਮਗਰੋਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਕਈ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਸਬੰਧ ਵੀ ਉਜਾਗਰ ਹੋ ਸਕਦੇ ਹਨ।