ਖੇਤਾਂ ’ਚੋਂ ਕਿਸਾਨਾਂ ਦੀਆਂ ਮੋਟਰਾਂ ਤੇ ਕੇਬਲਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ
ਖੇਤਾਂ ’ਚੋਂ ਕਿਸਾਨਾਂ ਦੀਆਂ ਮੋਟਰਾਂ ਅਤੇ ਕੇਬਲਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ
Publish Date: Sat, 23 May 2026 04:41 PM (IST)
Updated Date: Sat, 23 May 2026 04:43 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਅੱਜ-ਕੱਲ੍ਹ ਚੋਰ ਗਿਰੋਹ ਬੇਖ਼ੌਫ਼ ਹੋ ਕੇ ਘੁੰਮ ਰਹੇ ਹਨ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਚਿੰਤਾ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਸੇਠਾਂ ਅਤੇ ਝੋਕ ਹਰੀਹਰ ਵਿਖੇ ਇੱਕੋਂ ਰਾਤ ਵਿਚ ਦਰਜਨ ਦੇ ਕਰੀਬ ਕਿਸਾਨਾਂ ਦੇ ਖੇਤਾਂ ਵਿੱਚੋਂ ਟਿਊਬਵੈੱਲ ਦੀਆਂ ਮੋਨੋਬਲਾਕ ਮੋਟਰਾਂ ਤੇ ਮਹਿੰਗੀਆਂ ਕੇਬਲਾਂ ਚੋਰੀ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰ ਗਿਰੋਹ ਇੰਨਾ ਸਰਗਰਮ ਹੋ ਚੁੱਕਾ ਹੈ ਕਿ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾ ਕੇ ਕਿਸਾਨਾਂ ਦੀ ਲੱਖਾਂ ਰੁਪਏ ਦੀ ਜਾਇਦਾਦ ’ਤੇ ਹੱਥ ਸਾਫ਼ ਕਰ ਰਿਹਾ ਹੈ, ਜਿਸ ਕਾਰਨ ਖੇਤੀਬਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਦ ਵੱਡਾ ਮਾਲੀ ਨੁਕਸਾਨ ਹੋ ਰਿਹਾ ਹੈ। ਪੀੜ੍ਹਤ ਕਿਸਾਨਾਂ ਜੁਗਿੰਦਰ ਸਿੰਘ ਮਾਣਕ, ਹਰਕ੍ਰਿਸ਼ਨ ਲਾਲ, ਗੁਰਪ੍ਰੀਤ ਸਿੰਘ ਸਾਮਾ, ਰਣਧੀਰ ਸਿੰਘ ਨੰਬਰਦਾਰ, ਟਹਿਲ ਸਿੰਘ, ਧਰਮਿੰਦਰ ਸਿੰਘ ਜੱਜ ਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਇਹ ਚੋਰ ਗਿਰੋਹ ਦੇਰ ਰਾਤ ਨੂੰ ਖੇਤਾਂ ਵਿਚ ਦਾਖ਼ਲ ਹੁੰਦਾ ਹੈ। ਚੋਰ ਬੜੀ ਸਫ਼ਾਈ ਨਾਲ ਟਿਊਬਵੈੱਲਾਂ ਦੇ ਕੋਠਿਆਂ ਦੇ ਜਾਲੇ ਤੋੜ ਕੇ ਜਾਂ ਬੋਰਾਂ ਵਿੱਚੋਂ ਮੋਟਰਾਂ ਕੱਢ ਕੇ ਅਤੇ ਤਾਰਾਂ ਕੱਟ ਕੇ ਰਫ਼ੂ-ਚੱਕਰ ਹੋ ਜਾਂਦੇ ਹਨ। ਕਿਸਾਨਾਂ ਨੂੰ ਇਨ੍ਹਾਂ ਚੋਰੀਆਂ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਉਹ ਸਵੇਰੇ ਤੜਕਸਾਰ ਆਪਣੇ ਖੇਤਾਂ ਵਿਚ ਗੇੜਾ ਮਾਰਨ ਜਾਂ ਫ਼ਸਲਾਂ ਨੂੰ ਪਾਣੀ ਲਾਉਣ ਲਈ ਜਾਂਦੇ ਹਨ। ਖੇਤਾਂ ਦੀ ਹਾਲਤ ਦੇਖ ਕੇ ਕਿਸਾਨਾਂ ਦੇ ਹੋਸ਼ ਉੱਡ ਜਾਂਦੇ ਹਨ, ਕਿਉਂਕਿ ਉੱਥੇ ਨਾ ਤਾਂ ਮੋਟਰਾਂ ਹੁੰਦੀਆਂ ਹਨ ਅਤੇ ਨਾ ਹੀ ਕੀਮਤੀ ਤਾਰਾਂ (ਕੇਬਲਾਂ) ਦਾ ਕੋਈ ਨਾਮੋ-ਨਿਸ਼ਾਨ ਬਚਦਾ ਹੈ। ਇਹ ਚੋਰੀ ਦੀ ਕੋਈ ਇੱਕ ਇਕੱਲੀ ਘਟਨਾ ਨਹੀਂ ਹੈ। ਨੂਰਪੁਰ ਸੇਠਾਂ ਤੋਂ ਇਲਾਵਾ ਆਸ-ਪਾਸ ਦੇ ਹੋਰਨਾਂ ਕਈ ਪਿੰਡਾਂ ਵਿੱਚੋਂ ਵੀ ਲਗਾਤਾਰ ਅਜਿਹੀਆਂ ਹੀ ਚੋਰੀਆਂ ਹੋਣ ਦੀਆਂ ਰਿਪੋਰਟਾਂ ਅਤੇ ਸੂਚਨਾਵਾਂ ਮਿਲ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਚੋਰਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਰਿਹਾ। ਖੇਤ ਪਿੰਡਾਂ ਤੋਂ ਦੂਰ ਹੋਣ ਕਾਰਨ ਰਾਤ ਸਮੇਂ ਉੱਥੇ ਕੋਈ ਰੌਣਕ ਨਹੀਂ ਹੁੰਦੀ, ਜਿਸ ਦਾ ਫ਼ਾਇਦਾ ਇਹ ਅਪਰਾਧੀ ਅਨਸਰ ਬਹੁਤ ਆਸਾਨੀ ਨਾਲ ਉਠਾ ਰਹੇ ਹਨ। ਕਿਸਾਨ ਆਗੂਆਂ ਅਤੇ ਪੀੜ੍ਹਤਾਂ ਨੇ ਦੱਸਿਆ ਕਿ ਮੌਜ਼ੂਦਾ ਸਮੇਂ ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਅਗਲੀ ਬਿਜਾਈ ਲਈ ਪਾਣੀ ਦੀ ਸਖ਼ਤ ਲੋੜ ਹੈ। ਅਜਿਹੇ ਨਾਜ਼ੁਕ ਸਮੇਂ ਵਿਚ ਮੋਟਰਾਂ ਅਤੇ ਕੇਬਲਾਂ ਚੋਰੀ ਹੋਣ ਕਾਰਨ ਜਿੱਥੇ ਫ਼ਸਲਾਂ ਨੂੰ ਪਾਣੀ ਲਾਉਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਕਿਸਾਨਾਂ ’ਤੇ ਨਵੀਆਂ ਮੋਟਰਾਂ ਅਤੇ ਤਾਰਾਂ ਖਰੀਦਣ ਦਾ ਦੋਹਰਾ ਆਰਥਿਕ ਬੋਝ ਪੈ ਗਿਆ ਹੈ। ਕਿਸਾਨਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਚੋਰਾਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਉਨ੍ਹਾਂ ਦਾ ਜੀਵਨ ਹੋਰ ਦੁਖੀ ਹੋ ਜਾਵੇਗਾ। ਇਸੇ ਤਰਾਂ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਸੜਕ ਦੇ ਨਜ਼ਦੀਕ ਵੋਡਾਫੋਨ ਦੇ ਟਾਵਰ ਪੀ 1616 ਤੋਂ ਚੋਰ ਬੈਟਰੀ ਬੈਂਕ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ। ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਰਸੋਂ ਰਤ ਸਮੇਂ ਕਰੀਬ ਦੋ ਵਜੇ ਚੋਰਾਂ ਨੇ ਉਨ੍ਹਾਂ ਦੀ ਸਾਈਟ ਦਾ ਵੱਡਾ ਨੁਕਸਾਨ ਕੀਤਾ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਫਿਰੋਜ਼ਪੁਰ ਦੇ ਉੱਚ ਪੁਲਿਸ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪਿੰਡਾਂ ਦੇ ਲਿੰਕ ਰੋਡਾਂ ਅਤੇ ਖੇਤਾਂ ਵੱਲ ਜਾਂਦੇ ਰਸਤਿਆਂ ’ਤੇ ਰਾਤ ਸਮੇਂ ਪੁਲਿਸ ਦੀ ਗਸ਼ਤ (ਪੈਟਰੋਲਿੰਗ) ਵਧਾਈ ਜਾਵੇ। ਇਸ ਦੇ ਨਾਲ ਹੀ ਇਸ ਸਰਗਰਮ ਚੋਰ ਗਿਰੋਹ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਕਿਸਾਨਾਂ ਦਾ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ।