ਤਰਲ ਪਦਾਰਥਾਂ ਦੀ ਕੀਤੀ ਜਾਵੇ ਵੱਧ ਵਰਤੋਂ : ਡਾ. ਕਵਿਤਾ ਸਿੰਘ
ਤਰਲ ਪਦਾਰਥਾਂ ਦੀ ਕੀਤੀ ਜਾਵੇ ਵੱਧ ਵਰਤੋਂ :ਡਾ. ਕਵਿਤਾ ਸਿੰਘ
Publish Date: Mon, 27 Apr 2026 03:33 PM (IST)
Updated Date: Mon, 27 Apr 2026 03:37 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਰਾਜ ਵਿੱਚ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਮੌਸਮ ਵਿਭਾਗ ਵੱਲੋਂ 30 ਅਪ੍ਰੈਲ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਹੀ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਵੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਨੇ ਕਿਹਾ ਕਿ ਗਰਮੀ ਤੋਂ ਬਚਾਅ ਲਈ ਲੋਕ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਲੱਸੀ, ਪਾਣੀ, ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਦੇ ਦਿਨਾਂ ਵਿੱਚ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਖਰਬੂਜ਼ਾ, ਸੰਤਰਾ, ਖੀਰਾ, ਟਮਾਟਰ ਅਤੇ ਹੋਰ ਵੱਧ ਪਾਣੀ ਵਾਲੇ ਖਾਦ ਪਦਾਰਥਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਤੇ ਡੀਹਾਈਡਰੇਸ਼ਨ ਤੋਂ ਬਚਾਅ ਹੁੰਦਾ ਹੈ। ਡਾ. ਕਵਿਤਾ ਸਿੰਘ ਨੇ ਕਿਹਾ ਕਿ ਤਿੱਖੀ ਧੁੱਪ ਤੋਂ ਬਚਣ ਲਈ ਦੁਪਹਿਰ ਸਮੇਂ ਘਰੋਂ ਬਾਹਰ ਘੱਟ ਤੋਂ ਘੱਟ ਨਿਕਲਿਆ ਜਾਵੇ। ਜੇਕਰ ਕਿਸੇ ਜ਼ਰੂਰੀ ਕੰਮ ਕਾਰਨ ਬਾਹਰ ਜਾਣਾ ਪੈ ਜਾਵੇ ਤਾਂ ਕੁਝ ਸਮਾਂ ਠੰਡੀ ਥਾਂ ਜਾਂ ਛਾਂ ਹੇਠ ਬੈਠ ਕੇ ਆਰਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਦੌਰਾਨ ਹਲਕੇ ਰੰਗ ਦੇ ਅਤੇ ਢਿੱਲੇ ਕੱਪੜੇ ਪਹਿਨਣੇ ਚਾਹੀਦੇ ਹਨ। ਨਵਜੰਮੇ ਬੱਚੇ, ਮੋਟਾਪੇ ਤੋਂ ਪੀੜਤ ਲੋਕ, ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ, ਦਿਲ ਦੇ ਮਰੀਜ਼, ਬਜ਼ੁਰਗ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਵੱਧ ਖਤਰਾ ਹੁੰਦਾ ਹੈ, ਇਸ ਲਈ ਇਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਗਰਮੀ ਲੱਗਣ ਦੇ ਲੱਛਣਾਂ ਵਿੱਚ ਸਰੀਰ ‘ਤੇ ਪਿੱਤ ਹੋਣਾ, ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਵਟ ਮਹਿਸੂਸ ਹੋਣਾ, ਸਿਰ ਦਰਦ, ਉਲਟੀਆਂ, ਚਮੜੀ ਦਾ ਲਾਲ ਜਾਂ ਖੁਸ਼ਕ ਹੋਣਾ, ਬੇਚੈਨੀ, ਚਿੜਚਿੜਾਪਣ ਅਤੇ ਦਿਲ ਦੀ ਧੜਕਣ ਦਾ ਵੱਧਣਾ ਸ਼ਾਮਲ ਹਨ। ਕਈ ਵਾਰ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਵੀ ਆ ਜਾਂਦੀ ਹੈ, ਜਿਸ ਨਾਲ ਵਿਅਕਤੀ ਥੋੜ੍ਹਾ ਕੰਮ ਕਰਨ ‘ਤੇ ਵੀ ਬਹੁਤ ਥੱਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਕੜਕਦੀ ਧੁੱਪ ਵਿੱਚ ਲੰਮੇ ਸਮੇਂ ਤੱਕ ਮਜ਼ਦੂਰੀ ਜਾਂ ਬਾਹਰੀ ਕੰਮ ਕਰਨ ਵਾਲੇ ਲੋਕਾਂ ਵਿੱਚ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ, ਜੋ ਜਾਨਲੇਵਾ ਵੀ ਹੋ ਸਕਦਾ ਹੈ। ਇਸ ਲਈ ਤਿੱਖੀ ਧੁੱਪ ਵਿੱਚ ਲੰਮੇ ਸਮੇਂ ਤੱਕ ਕੰਮ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਜ਼ਰੂਰਤ ਪੈਣ ‘ਤੇ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।