ਨਿਮੋਨੀਆ ਦੀਆਂ ਪੰਜ ਕਿਸਮਾਂ ਹਨ ਬੱਚਿਆਂ ਲਈ ਖ਼ਤਰਨਾਕ : ਡਾ. ਗੋਇਲ
ਵਿਸ਼ਵ ਭਰ ਵਿਚ ਮਨਾਏ ਜਾਂਦੇ ਨਿਮੋਨੀਆ ਦਿਵਸ ਮੌਕੇ ਫਾਜ਼ਲਿਕਾ ਦੇ ਸਿਵਲ ਹਸਪਤਾਲ ਵਿੱਚ ਵੀ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਗੋਇਲ ਦੀ ਅਗਵਾਈ ਵਿੱਚ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ।
Publish Date: Mon, 14 Nov 2022 06:48 PM (IST)
Updated Date: Mon, 14 Nov 2022 06:48 PM (IST)
ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ
ਵਿਸ਼ਵ ਭਰ ਵਿਚ ਮਨਾਏ ਜਾਂਦੇ ਨਿਮੋਨੀਆ ਦਿਵਸ ਮੌਕੇ ਫਾਜ਼ਲਿਕਾ ਦੇ ਸਿਵਲ ਹਸਪਤਾਲ ਵਿੱਚ ਵੀ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਗੋਇਲ ਦੀ ਅਗਵਾਈ ਵਿੱਚ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਨਿਮੋਨੀਆ ਦੀ ਬਿਮਾਰੀ ਸਬੰਧੀ ਇਕ ਪੋਸਟਰ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੋਹਿਤ ਗੋਇਲ, ਡੀਆਈਓ ਡਾ. ਰਿੰਕੂ ਚਾਵਲਾ, ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਕਾਜ਼ਮੀ ਧੂੜੀਆ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਗੋਇਲ ਨੇ ਦੱਸਿਆ ਕਿ ਨਿਮੋਨੀਆ ਦੀਆਂ ਪੰਜ ਕਿਸਮਾਂ ਹਨ ਜਿਨਾਂ੍ਹ ਵਿੱਚ ਬੈਕਟੀਰੀਅਲ ਨਿਮੋਨੀਆ, ਵਾਇਰਲ ਨਿਮੋਨੀਆ, ਮਾਈਕੋਪਲਾਜ਼ਮਾ ਨਿਮੋਨੀਆ, ਐਸਪੀਰੇਸ਼ਨ ਨਿਮੋਨੀਆ, ਫੰਗਲ ਨਿਮੋਨੀਆ ਸ਼ਾਮਲ ਹਨ। ਉਨਾਂ੍ਹ ਨਿਮੋਨੀਆ ਦੇ ਲੱਛਣਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ੍ਹ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਬੱਚਿਆਂ ਨੂੰ 10 ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਿਹਤ ਵਿਭਾਗ ਦੀ ਰੁਟੀਨ ਟੀਕਾਕਰਨ ਸੂਚੀ ਵਿੱਚ ਇੱਕ ਨਵਾਂ ਟੀਕਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਨਿਮੋਕੋਕਲ ਕੰਨਜੁਗੇਟ ਵੈਕਸੀਨ ਵੀ ਸ਼ਾਮਲ ਹੈ, ਜੋ ਬੱਚਿਆਂ ਦੀ ਜਾਨ ਬਚਾਉਂਦੀ ਹੈ। ਉਨਾਂ੍ਹ ਕਿਹਾ ਕਿ ਜ਼ਿਆਦਾਤਰ ਬੱਚਿਆਂ ਦੀ ਮੌਤ ਨਿਮੋਕੋਕਲ ਬਿਮਾਰੀ ਕਾਰਨ ਹੁੰਦੀ ਹੈ। ਗੰਭੀਰ ਨਿਮੋਕੋਕਲ ਬਿਮਾਰੀ ਦਾ ਸਭ ਤੋਂ ਵੱਡਾ ਖਤਰਾ ਜੀਵਨ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ ਪਰ ਇਹ ਜੋਖਮ ਜੀਵਨ ਦੇ ਪਹਿਲੇ 24 ਮਹੀਨਿਆਂ ਵਿੱਚ ਬਣਿਆ ਰਹਿੰਦਾ ਹੈ। ਪੀਸੀਵੀ ਟੀਕਾਕਰਨ ਨਾ ਸਿਰਫ਼ ਟੀਕਾਕਰਣ ਵਾਲੇ ਬੱਚੇ ਦੀ ਰੱਖਿਆ ਕਰੇਗਾ, ਸਗੋਂ ਇਸ ਕੀਟਾਣੂ ਦੇ ਸੰਚਾਰ ਨੂੰ ਰੋਕ ਕੇ ਸਮਾਜ ਦੇ ਦੂਜੇ ਬੱਚਿਆਂ ਵਿੱਚ ਨਿਮੋਕੋਕਲ ਬਿਮਾਰੀ ਫੈਲਣ ਦੇ ਜੋਖਮ ਨੂੰ ਵੀ ਘਟਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਟਾਫ ਤੇ ਮਰੀਜ਼ ਹਾਜਰ ਸਨ।