ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੋਮਵਾਰ ਦੁਪਹਿਰ ਸਮੇਂ ਐਲਾਣੇ ਨਤੀਜਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀ 98.39 ਪ੍ਰਤੀਸ਼ਤ ਨਾਲ ਪੰਜਾਬ ਵਿੱਚੋਂ ਦੂਜੇ ਨੰਬਰ ’ਤੇ ਆਏ ਹਨ। 98.41 ਪ੍ਰਤੀਸ਼ਤ ਨਾਲ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਰਿਹਾ ਜਦਕਿ 97.99 ਪ੍ਰਤੀਸ਼ਤ ਨਾਲ ਪਠਾਨਕੋਟ ਤੀਜੇ ਨੰਬਰ ’ਤੇ ਰਿਹਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੋਮਵਾਰ ਦੁਪਹਿਰ ਸਮੇਂ ਐਲਾਣੇ ਨਤੀਜਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀ 98.39 ਪ੍ਰਤੀਸ਼ਤ ਨਾਲ ਪੰਜਾਬ ਵਿੱਚੋਂ ਦੂਜੇ ਨੰਬਰ ’ਤੇ ਆਏ ਹਨ। 98.41 ਪ੍ਰਤੀਸ਼ਤ ਨਾਲ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਰਿਹਾ ਜਦਕਿ 97.99 ਪ੍ਰਤੀਸ਼ਤ ਨਾਲ ਪਠਾਨਕੋਟ ਤੀਜੇ ਨੰਬਰ ’ਤੇ ਰਿਹਾ।
ਇਸ ਵਾਰ ਦੇ ਨਤੀਜਿਆਂ ਵਿੱਚ ਵੀ ਫਿਰੋਜ਼ਪੁਰ ਦੀਆਂ ਧੀਆਂ ਨੇ ਪੂਰੇ ਝੰਡੇ ਗੱਡੇ ਹਨ। ਸੂਬਾ ਪੱਧਰੀ ਮੈਰਿਟ ਸੂਚੀ ਵਿਚ ਆਏ ਫਿਰੋਜ਼ਪੁਰ ਜ਼ਿਲ੍ਹੇ ਦੇ 12 ਵਿਦਿਆਰਥੀਆਂ ਵਿੱਚੋਂ 10 ਲੜਕੀਆਂ ਅਤੇ ਸਿਰਫ਼ 2 ਲੜਕੇ ਸ਼ਾਮਲ ਹਨ। ਕੁੱਲ 12 ਮੈਰਿਟ ਹੋਲਡਰਾਂ ਵਿੱਚੋਂ 8 ਵਿਦਿਆਰਥੀ ਨਿੱਜੀ ਸਕੂਲਾਂ ਨਾਲ ਸਬੰਧਤ ਹਨ, ਜਦਕਿ 4 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ।
ਜ਼ਿਲ੍ਹੇ ਦੇ ਪਹਿਲੇ ਤਿੰਨ ਸਥਾਨਾਂ ਦੀ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਖੁਸ਼ਹਾਲ ਸਿੰਘ ਵਾਲਾ ਦੇ ਵਿਦਿਆਰਥੀ ਬਲਕਰਨਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਜ਼ੀਰਾ ਦੀਆਂ ਦੋ ਵਿਦਿਆਰਥਣਾਂ ਅਸ਼ੀਸ਼ਦੀਪ ਕੋਰ ਨੇ ਦੂਜਾ ਅਤੇ ਸੁਖਮਨਦੀਪ ਕੋਰ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਖੁਸ਼ਹਾਲ ਸਿੰਘ ਵਾਲਾ ਦੇ ਵਿਦਿਆਰਥੀ ਬਲਕਰਨਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਨੇ 650 ਵਿੱਚੋਂ 639 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਪੰਜਾਬ ਭਰ ਦੀ ਮੈਰਿਟ ਸੂਚੀ ਵਿਚ 6ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਮਿਸਾਲ ਪੈਦਾ ਕੀਤੀ ਹੈ।