ਫ਼ਿਰੋਜ਼ਪੁਰ ’ਚ ਅਸਮਾਨੋਂ ਵਰ੍ਹ ਰਹੀ ਅੱਗ
ਫ਼ਿਰੋਜ਼ਪੁਰ ’ਚ ਅਸਮਾਨੋਂ ਵਰ੍ਹ ਰਹੀ ਅੱਗ
Publish Date: Thu, 21 May 2026 04:37 PM (IST)
Updated Date: Fri, 22 May 2026 04:04 AM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪੈ ਰਹੀ ਅੱਤ ਦੀ ਗਰਮੀ ਅਤੇ ਅਗਨ-ਵਰ੍ਹੇ ਵਰਗੀ ਲੂ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਮੌਜ਼ੂਦਾ ਸਮੇਂ ਸੂਬੇ ਦੇ ਕਈ ਹਿੱਸਿਆਂ ਵਿਚ ਤਾਪਮਾਨ ਰਿਕਾਰਡ ਪੱਧਰ ’ਤੇ ਪਹੁੰਚ ਚੁੱਕਾ ਹੈ, ਜਿਸ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸੂਰਜ ਦੀ ਤਿੱਖੀ ਤਪਸ਼ ਅਤੇ ਧੂ-ਧੂ ਕਰਕੇ ਚੱਲ ਰਹੀਆਂ ਗਰਮ ਹਵਾਵਾਂ ਦੇ ਪ੍ਰਕੋਪ ਕਾਰਨ ਦਿਨ ਵੇਲੇ ਘਰਾਂ ਤੋਂ ਬਾਹਰ ਪੈਰ ਰੱਖਣਾ ਵੀ ਸਿਖ਼ਰਲੀ ਚੁਣੌਤੀ ਬਣ ਗਿਆ ਹੈ। ਇਸ ਭਿਆਨਕ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਆਗਾਮੀ ਕੁਝ ਦਿਨਾਂ ਲਈ ਸਖ਼ਤ ਚੇਤਾਵਨੀ (ਰੈੱਡ ਅਲਰਟ) ਜਾਰੀ ਕਰਦਿਆਂ ਆਮ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਬੀਤੇ ਦਿਨੀਂ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਅਸਹਿ ਗਰਮੀ ਦੇ ਕਾਰਨ ਦੁਪਹਿਰ ਹੁੰਦੇ ਹੀ ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਕੇਂਦਰ ਅਤੇ ਸੜਕਾਂ ਪੂਰੀ ਤਰ੍ਹਾਂ ਸੁੰਨਸਾਨ ਹੋ ਜਾਂਦੀਆਂ ਹਨ, ਜਿਵੇਂ ਕਿ ਸ਼ਹਿਰ ਵਿਚ ਅਣਐਲਾਨਿਆ ਕਰਫ਼ਿਊ ਲੱਗ ਗਿਆ ਹੋਵੇ। ਮੌਸਮ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪਾਰਾ ਹੋਰ ਉੱਪਰ ਵੱਲ ਨੂੰ ਜਾਵੇਗਾ ਅਤੇ ਇਹ 47 ਡਿਗਰੀ ਸੈਲਸੀਅਸ ਤੱਕ ਦੇ ਅੰਕੜੇ ਨੂੰ ਛੂਹ ਸਕਦਾ ਹੈ। ਤੇਜ਼ ਧੁੱਪ ਕਾਰਨ ਪੈਦਾ ਹੋਈ ਹੁੰਮਸ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਇਸ ਅੱਤ ਦੀ ਗਰਮੀ ਦਾ ਸਭ ਤੋਂ ਮਾਰੂ ਅਸਰ ਮਨੁੱਖੀ ਸਿਹਤ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਸਿਵਲ ਹਸਪਤਾਲ ਫ਼ਿਰੋਜ਼ਪੁਰ ਸਮੇਤ ਇਲਾਕੇ ਦੇ ਨਿੱਜੀ ਕਲੀਨਿਕਾਂ ਅਤੇ ਹਸਪਤਾਲਾਂ ਵਿਚ ਮਰੀਜ਼ਾਂ ਵੱਡੀ ਗਿਣਤੀ ’ਚ ਆ ਰਹੇ ਹੈ। ਡਾਕਟਰੀ ਮਾਹਿਰਾਂ ਅਨੁਸਾਰ ਵੱਡੀ ਗਿਣਤੀ ਵਿੱਚ ਬੱਚੇ ਅਤੇ ਬਜ਼ੁਰਗ ਲੂ ਦੀ ਲਪੇਟ ਵਿਚ ਆ ਰਹੇ ਹਨ। ਹਸਪਤਾਲਾਂ ਦੇ ਓ.ਪੀ.ਡੀ. ਵਿਖੇ ਡੀਹਾਈਡਰੇਸ਼ਨ, ਲਗਾਤਾਰ ਉਲਟੀਆਂ-ਦਸਤ, ਤੇਜ਼ ਬੁਖਾਰ, ਚਮੜੀ ਦੀ ਐਲਰਜੀ ਆਦਿ ਦੇ ਮਰੀਜ਼ ਆ ਰਹੇ ਹਨ। ਸਿਹਤ ਵਿਭਾਗ ਦੇ ਮਾਹਿਰਾਂ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਆਮ ਜਨਤਾ ਨੂੰ ਹਦਾਇਤ ਕੀਤੀ ਹੈ ਕਿ ਉਹ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਨਾਂ ਕਿਸੇ ਅਤਿ-ਜ਼ਰੂਰੀ ਕੰਮ ਦੇ ਸਿੱਧੀ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕਰਨ। ਸਰੀਰ ਵਿਚ ਤਰਲ ਪਦਾਰਥਾਂ ਦੀ ਮਾਤਰਾ ਬਣਾਈ ਰੱਖਣ ਲਈ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ ਅਤੇ ਲੱਸੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਕੁਦਰਤੀ ਕਹਿਰ ਸਿਰਫ਼ ਇਨਸਾਨਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਬੇਜ਼ਬਾਨ ਪਸ਼ੂ-ਪੰਛੀ ਵੀ ਇਸ ਦੀ ਬੁਰੀ ਤਰ੍ਹਾਂ ਮਾਰ ਹੇਠ ਆਏ ਹਨ। ਪਾਣੀ ਦੇ ਕੁਦਰਤੀ ਸਰੋਤ ਸੁੱਕਣ ਕਾਰਨ ਪੰਛੀ ਆਲ੍ਹਣਿਆਂ ਤੋਂ ਬਾਹਰ ਆ ਕੇ ਤੜਫ਼ ਰਹੇ ਹਨ ਅਤੇ ਕਈ ਥਾਵਾਂ ’ਤੇ ਉਡਾਣ ਭਰਦੇ ਸਮੇਂ ਹੇਠਾਂ ਡਿੱਗ ਰਹੇ ਹਨ। ਇਸ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਪਸ਼ੂ ਪਾਲਣ ਵਿਭਾਗ ਅਤੇ ਸਥਾਨਕ ਸਮਾਜ ਸੇਵੀ ਜਥੇਬੰਦੀਆਂ ਨੇ ਮਨੁੱਖਤਾ ਦੇ ਨਾਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਵਿਹੜਿਆਂ, ਬਾਲਕੋਨੀਆਂ, ਛੱਤਾਂ ਅਤੇ ਆਸ-ਪਾਸ ਦੇ ਰੁੱਖਾਂ ਦੇ ਹੇਠਾਂ ਮਿੱਟੀ ਦੇ ਬਰਤਨਾਂ ਵਿਚ ਸਾਫ਼ ਪਾਣੀ ਭਰ ਕੇ ਰੱਖਣ ਤਾਂ ਜੋ ਇਨ੍ਹਾਂ ਮੂਕ ਜੀਵਾਂ ਦੀ ਜਾਨ ਬਚਾਈ ਜਾ ਸਕੇ। ਗਰਮੀ ਤੋਂ ਰਾਹਤ ਪਾਉਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਏਅਰ ਕੰਡੀਸ਼ਨਰਾਂ (ਅਤੇ ਕੂਲਰਾਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ, ਜਿਸ ਕਾਰਨ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਪਾਵਰਕਾਮ ਦੇ ਬੁਨਿਆਦੀ ਢਾਂਚੇ ’ਤੇ ਓਵਰਲੋਡ ਹੋਣ ਕਾਰਨ ਕਈ ਰਿਹਾਇਸ਼ੀ ਇਲਾਕਿਆਂ ਵਿਚ ਟਰਾਂਸਫਾਰਮਰ ਫ਼ੂਕਣ ਅਤੇ ਤਾਰਾਂ ਟੁੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਵੱਧਦੀ ਮੰਗ ਦੀ ਪੂਰਤੀ ਨਾ ਹੋਣ ਕਾਰਨ ਲੱਗ ਰਹੇ ਬਿਜਲੀ ਦੇ ਲੰਬੇ ਅਤੇ ਅਣ ਐਲਾਨੇ ਕੱਟਾਂ ਨੇ ਜਨਤਾ ਦੀਆਂ ਮੁਸ਼ਕਲਾਂ ਨੂੰ ਦੁੱਗਣਾ ਕਰ ਦਿੱਤਾ ਹੈ, ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।