ਖਾਦ ਤੇ ਬੀਜ ਵਿਕਰੇਤਾਵਾਂ (ਇਨਪੁਟ ਡੀਲਰ) ਲਈ ਜਾਗਰੂਕਤਾ ਕੈਂਪ ਲਗਾਇਆ
ਖਾਦ ਅਤੇ ਬੀਜ ਵਿਕਰੇਤਾ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਦਾ ਸੁਨੇਹਾ ਲਗਾਉਣ : ਕ੍ਰਿਸ਼ੀ ਵਿਗਿਆਨ ਕੇਂਦਰ
Publish Date: Wed, 13 May 2026 03:25 PM (IST)
Updated Date: Wed, 13 May 2026 03:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪਿਛਲੇ ਦੋ ਮਹੀਨੇ ਤੋਂ ਜਾਰੀ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਮੁਹਿੰਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖਾਦ ਅਤੇ ਬੀਜ ਵਿਕਰੇਤਾਵਾਂ (ਇਨਪੁਟ ਡੀਲਰ) ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕੇਵੀਕੇ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਾਦ ਅਤੇ ਬੀਜ ਵਿਕਰੇਤਾਵਾਂ ਨੂੰ ਇਹ ਕੈਂਪ ਇਕ ਵਿਗਿਆਨਕ ਸੇਧ ਦੇਵੇਗਾ ਅਤੇ ਇਸ ਨਾਲ ਕਿਸਾਨਾਂ ਦੇ ਨਾਲ-ਨਾਲ ਵਿਕਰੇਤਾਵਾਂ ਨੂੰ ਵੀ ਫ਼ਾਇਦਾ ਹੋਵੇਗਾ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਜ਼ਿਲ੍ਹੇ ਦਾ ਨਾਮ ਖਾਦ ਦੇ ਵਧੇਰੇ ਵਰਤੋਂ ਕਰਨ ਵਾਲੇ ਦੇਸ਼ ਦੇ 100 ਜ਼ਿਲ੍ਹਿਆਂ ਵਿਚ ਆ ਰਿਹਾ ਹੈ ਅਤੇ ਇਸ ਸਥਿਤੀ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਖਾਦਾਂ ਦੀ ਸੰਤੁਲਿਤ ਵਰਤੋਂ ਮੁਹਿੰਮ ਤਹਿਤ ਕੇਵੀਕੇ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ ਖਾਦ ਅਤੇ ਬੀਜ ਨਾਲ ਸਬੰਧਤ ਵਿਕਰੇਤਾਵਾਂ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਖਾਦ ਅਤੇ ਬੀਜ ਵਿਕਰੇਤਾਵਾਂ ਨੂੰ ਕੇਵੀਕੇ ਵਿਖੇ ਬਣੀ ਮਿੱਟੀ ਅਤੇ ਪਾਣੀ ਪਰਖ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਬਹੁਤ ਹੀ ਮਾਮੂਲੀ ਫੀਸ ਅਦਾ ਕਰਕੇ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾ ਸਕਦੇ ਹਨ ਅਤੇ ਖਾਦਾਂ ਦੀ ਆ ਰਹੀ ਕਿੱਲਤ ਨੂੰ ਦੂਰ ਕੀਤਾ ਜਾ ਸਕਦਾ ਹੈ। ਕੈਂਪ ਦੌਰਾਨ ਡਾ. ਜਗਜੋਤ ਸਿੰਘ ਗਿੱਲ ਜ਼ਿਲ੍ਹਾ ਪਸਾਰ ਵਿਗਿਆਨੀ (ਸੀਨੀਅਰ ਮੋਸਟ), ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜ਼ਪੁਰ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਅਤੇ ਫ਼ਸਲ ਵਿਚ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਝੋਨੇ ਦੀ ਪਨੀਰੀ ਦੀ ਸੋਧ ਲਈ ਪੀਏਯੂ ਦੁਆਰਾ ਵਿਕਰੀ ਲਈ ਉਪਲਬਧ ਜੀਵਾਣੂ ਖਾਦ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਭੱਲਣ ਸਿੰਘ ਸੇਖੋਂ ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਸਬਜ਼ੀਆਂ ਅਤੇ ਫਲਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ ’ਤੇ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਪਾਣੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪੀਏਯੂ ਵੱਲੋਂ ਸਿਫਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀ.ਆਰ.-131, ਪੀ.ਆਰ.-132, ਪੀ.ਆਰ.-126 ਅਤੇ ਨਵੀਂ ਕਿਸਮ ਪੀ.ਆਰ.-133 ਨੂੰ ਅਪਨਾਉਣ ਦੀ ਸਲਾਹ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਕਿਸਮ ਪੀ.ਆਰ.-133 ਦਾ ਬੀਜ 125 ਰੁਪਏ ਕਿੱਲੋ (500 ਰੁਪਏ ਪ੍ਰਤੀ 4 ਕਿੱਲੋ ਬੈਗ) ਅਤੇ ਬਾਕੀ ਕਿਸਮਾਂ ਦੇ ਬੀਜ 1500 ਰੁਪਏ ਪ੍ਰਤੀ 24 ਕਿੱਲੋ ਬੈਗ ਦੇ ਹਿਸਾਬ ਨਾਲ ਕੇ ਵੀ ਕੇ ਵਿਖੇ ਉਪਲਬੱਧ ਹਨ। ਡਾ. ਗੁਰਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਇਨਫੋਰਸਮੈਂਟ ਅਤੇ ਡਾ. ਰਜਨੀਸ਼ ਖੇਤੀਬਾੜੀ ਵਿਕਾਸ ਅਫਸਰ ਨੇ ਸੰਬੋਧਨ ਕਰਦਿਆਂ ਖਾਦ ਅਤੇ ਬੀਜ ਵਿਕਰੇਤਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਕੈਂਪ ਦੇ ਅੰਤ ਵਿਚ ਮਾਹਿਰਾਂ ਵੱਲੋਂ ਖਾਦ ਅਤੇ ਬੀਜ ਵਿਕਰੇਤਾਵਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।