ਐੱਸਐੱਲਆਰ ਲੀਜ਼ਿੰਗ ਰਾਹੀਂ ਫਿਰੋਜ਼ਪੁਰ ਰੇਲਵੇ ਮੰਡਲ ਕਮਾਏਗਾ 7.26 ਕਰੋੜ ਰੁਪਏ ਦਾ ਮਾਲੀਆ
ਫਿਰੋਜ਼ਪੁਰ ਰੇਲਵੇ ਮੰਡਲ ਨੇ ਐੱਸਐੱਲਆਰ ਲੀਜ਼ਿੰਗ ਰਾਹੀਂ ਕਮਾਏਗਾ 7.26 ਕਰੋੜ ਰੁਪਏ ਦਾ ਮਾਲੀਆ
Publish Date: Tue, 12 May 2026 06:38 PM (IST)
Updated Date: Wed, 13 May 2026 04:09 AM (IST)

* ਈ-ਟੈਂਡਰਿੰਗ ਰਾਹੀਂ ਦੋ ਪ੍ਰਮੁੱਖ ਰੇਲ ਗੱਡੀਆਂ ’ਚ ਪਾਰਸਲ ਲੀਜ਼ਿੰਗ ਦੇ ਠੇਕੇ ਅਲਾਟ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਨੇ ਆਪਣੀ ਆਮਦਨ ’ਚ ਵਾਧਾ ਕਰਨ ਤੇ ਮਾਲ ਢੋਆ-ਢੁਆਈ ਨੂੰ ਸੁਚਾਰੂ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਿਆ ਹੈ। ਰੇਲਵੇ ਵਿਭਾਗ ਵੱਲੋਂ ਈ-ਟੈਂਡਰ ਦੀ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਰੇਲ ਗੱਡੀ ਨੰਬਰ 12904 ਤੇ 12318 ’ਚ ਐੱਸਐੱਲਆਰ ਲੀਜ਼ਿੰਗ ਦੇ ਠੇਕੇ ਅਲਾਟ ਕਰ ਦਿੱਤੇ ਗਏ ਹਨ। ਇਸ ਨਵੀਂ ਵਿਵਸਥਾ ਨਾਲ ਰੇਲਵੇ ਨੂੰ ਲਗਪਗ 7.26 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਵੇਗਾ। ਇਹ ਪਹਿਲ ਨਾ ਸਿਰਫ਼ ਰੇਲਵੇ ਦੇ ਖ਼ਜ਼ਾਨੇ ਨੂੰ ਭਰੇਗੀ, ਸਗੋਂ ਵਪਾਰੀਆਂ ਨੂੰ ਆਪਣੇ ਸਾਮਾਨ ਦੀ ਤੇਜ਼ ਤੇ ਸੁਰੱਖਿਅਤ ਡਲਿਵਰੀ ਲਈ ਇਕ ਭਰੋਸੇਮੰਦ ਪਲੇਟਫਾਰਮ ਵੀ ਮੁਹੱਈਆ ਕਰਵਾਏਗੀ, ਜਿਸ ਨਾਲ ਖੇਤਰੀ ਵਪਾਰ ਨੂੰ ਨਵੀਂ ਗਤੀ ਮਿਲੇਗੀ। ਭਾਰਤੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਆਧੁਨਿਕ ਤਕਨੀਕ ਅਤੇ ਪਾਰਦਰਸ਼ਤਾ ਨੂੰ ਅਪਣਾਉਂਦੇ ਹੋਏ ਈ-ਨਿਵੇਦਾ ਪ੍ਰਣਾਲੀ ਰਾਹੀਂ ਇਹ ਇਕਰਾਰਨਾਮੇ ਕੀਤੇ ਗਏ ਹਨ। ਰੇਲਵੇ ਅਧਿਕਾਰੀਆਂ ਕਿਹ ਕਿ ਇਸ ਪ੍ਰਕਿਰਿਆ ਨਾਲ ਜਿੱਥੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਖ਼ਤਮ ਹੋਈ ਹੈ, ਉੱਥੇ ਹੀ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਪਾਰੀਆਂ ਨੂੰ ਨਿਰਪੱਖ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਐੱਸਐੱਲਆਰ ਲੀਜ਼ਿੰਗ ਵਿਵਸਥਾ ਦਾ ਮੁੱਖ ਉਦੇਸ਼ ਰੇਲ ਗੱਡੀਆਂ ਵਿਚ ਉਪਲਬਧ ਖਾਲੀ ਥਾਂ ਦਾ ਸਹੀ ਅਤੇ ਵੱਧ ਤੋਂ ਵੱਧ ਉਪਯੋਗ ਯਕੀਨੀ ਬਣਾਉਣਾ ਹੈ। ਇਸ ਇਕਰਾਰਨਾਮੇ ਦੇ ਸ਼ੁਰੂ ਹੋਣ ਨਾਲ ਰੇਲਵੇ ਨੂੰ 7.26 ਕਰੋੜ ਰੁਪਏ ਦੀ ਵੱਡੀ ਰਾਸ਼ੀ ਮਾਲੀਏ ਵਜੋਂ ਮਿਲੇਗੀ, ਜਿਸ ਦੀ ਵਰਤੋਂ ਯਾਤਰੀ ਸਹੂਲਤਾਂ ਦੇ ਸੁਧਾਰ ਲਈ ਕੀਤੀ ਜਾ ਸਕਦੀ ਹੈ। ਇਹ ਵਿਵਸਥਾ ਵਪਾਰੀ ਵਰਗ ਲਈ ਵਰਦਾਨ ਸਾਬਤ ਹੋ ਰਹੀ ਹੈ। ਹੁਣ ਵਪਾਰੀ ਆਪਣਾ ਸਾਮਾਨ ਘੱਟ ਲਾਗਤ ਅਤੇ ਘੱਟ ਸਮੇਂ ਵਿਚ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਭੇਜ ਸਕਣਗੇ। ਰੇਲਵੇ ਰਾਹੀਂ ਮਾਲ ਭੇਜਣਾ ਸੜਕੀ ਆਵਾਜਾਈ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਅਤੇ ਭਰੋਸੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਵਪਾਰੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਉਨ੍ਹਾਂ ਦੇ ਕਾਰੋਬਾਰ ਵਿਚ ਵਾਧਾ ਹੋਵੇਗਾ। ਰੇਲਵੇ ਵਿਭਾਗ ਵੱਲੋਂ ਚੁੱਕਿਆ ਗਿਆ ਇਹ ਕਦਮ ਰੇਲਵੇ ਅਤੇ ਵਪਾਰੀਆਂ ਵਿਚਕਾਰ ਇਕ ਮਜ਼ਬੂਤ ਸਾਂਝੇਦਾਰੀ ਵਜੋਂ ਉੱਭਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਗੱਡੀਆਂ ਵਿੱਚ ਵੀ ਅਜਿਹੀਆਂ ਲੀਜ਼ਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਤਾਂ ਜੋ ਰੇਲਵੇ ਦੀ ਆਮਦਨ ਦੇ ਸਰੋਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਯਾਤਰੀਆਂ ਦੇ ਨਾਲ-ਨਾਲ ਵਪਾਰਕ ਵਰਗ ਨੂੰ ਵੀ ਬਿਹਤਰੀਨ ਸੇਵਾਵਾਂ ਮਿਲ ਸਕਣ।