ਰੇਲ ਮੰਡਲ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ’ ਨੂੰ ਸਮਰਪਿਤ ਮੁਹਿੰਮ ਦਾ ਆਗਾਜ਼
ਫ਼ਿਰੋਜ਼ਪੁਰ ਰੇਲ ਮੰਡਲ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦਾ ਆਗਾਜ਼
Publish Date: Mon, 18 May 2026 04:12 PM (IST)
Updated Date: Mon, 18 May 2026 04:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਰੇਲ ਮੰਡਲ ਵੱਲੋਂ ਕੁਦਰਤ ਦੀ ਸਾਂਭ-ਸੰਭਾਲ ਦਾ ਸੁਨੇਹਾ ਦੇਣ ਲਈ 15 ਮਈ ਤੋਂ 5 ਜੂਨ ਤੱਕ ਚੱਲਣ ਵਾਲੀ ਇਕ ਵਿਸ਼ੇਸ਼ ‘ਵਿਸ਼ਵ ਵਾਤਾਵਰਣ ਦਿਵਸ’ ਮੁਹਿੰਮ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ। ਇਸ ਲੜੀ ਤਹਿਤ ਅੱਜ 18 ਮਈ ਨੂੰ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਯਾਤਰੀਆਂ ਨੂੰ ਵਾਤਾਵਰਣ ਦੀ ਰਾਖੀ ਲਈ ਜਾਗਰੂਕ ਕੀਤਾ ਗਿਆ। ਰੇਲਵੇ ਪ੍ਰਸ਼ਾਸਨ ਵੱਲੋਂ ਬੈਨਰਾਂ, ਪੈਂਫਲੇਟਾਂ ਅਤੇ ਜਨਤਕ ਐਲਾਨ ਪ੍ਰਣਾਲੀ (ਮਾਈਕ) ਦੀ ਵਰਤੋਂ ਕਰਕੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਹਰਿਆਵਲ ਭਰੇ ਭਵਿੱਖ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਇਸ ਵਾਤਾਵਰਣ ਪੱਖੀ ਮੁਹਿੰਮ ਦੇ ਤਹਿਤ ਫ਼ਿਰੋਜ਼ਪੁਰ ਕੈਂਟ, ਜਲੰਧਰ ਸਿਟੀ, ਜਲੰਧਰ ਕੈਂਟ, ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਬਿਆਸ ਸਮੇਤ ਮੰਡਲ ਦੇ ਕਈ ਮੁੱਖ ਰੇਲਵੇ ਸਟੇਸ਼ਨਾਂ ’ਤੇ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ। ਸਟੇਸ਼ਨਾਂ ’ਤੇ ਮੌਜ਼ੂਦ ਰੇਲ ਮੁਸਾਫ਼ਰਾਂ ਨੂੰ ਜਾਣਕਾਰੀ ਭਰਪੂਰ ਪੈਂਫਲੇਟ ਵੰਡੇ ਗਏ ਅਤੇ ਉਨ੍ਹਾਂ ਨੂੰ ਸਫ਼ਰ ਦੌਰਾਨ ਆਪਣੇ ਘਰੋਂ ਪਾਣੀ ਦੀ ਬੋਤਲ ਨਾਲ ਲੈ ਕੇ ਚੱਲਣ ਦੀ ਖ਼ਾਸ ਆਦਤ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਮੁਸਾਫ਼ਰਾਂ ਨੂੰ ਸਮਝਾਇਆ ਕਿ ਸਫ਼ਰ ਵੇਲੇ ਆਪਣੀ ਨਿੱਜੀ ਬੋਤਲ ਕੋਲ ਰੱਖਣ ਨਾਲ ਨਾ ਸਿਰਫ਼ ਸਾਫ਼-ਸੁਥਰਾ ਅਤੇ ਸਿਹਤਮੰਦ ਪੀਣ ਵਾਲਾ ਪਾਣੀ ਆਸਾਨੀ ਨਾਲ ਉਪਲਬਧ ਰਹਿੰਦਾ ਹੈ, ਸਗੋਂ ਬਾਜ਼ਾਰੋਂ ਵਾਰ-ਵਾਰ ਪਲਾਸਟਿਕ ਦੀਆਂ ਬੋਤਲਾਂ ਖ਼ਰੀਦਣ ਦੀ ਲੋੜ ਵੀ ਨਹੀਂ ਪੈਂਦੀ। ਇਸ ਛੋਟੇ ਜਿਹੇ ਕਦਮ ਨਾਲ ਪਲਾਸਟਿਕ ਦੇ ਕੂੜੇ ਵਿਚ ਵੱਡੀ ਕਮੀ ਆਵੇਗੀ, ਜੋ ਕਿ ਵਾਤਾਵਰਣ ਨੂੰ ਬਚਾਉਣ ਵਿਚ ਇਕ ਵੱਡਾ ਸਹਿਯੋਗ ਸਾਬਤ ਹੋਵੇਗਾ। ਇਸ ਤੋਂ ਇਲਾਵਾ ਰੇਲਵੇ ਸਟਾਫ਼ ਵੱਲੋਂ ਮੁਸਾਫ਼ਰਾਂ ਦੀ ਵਿਸ਼ੇਸ਼ ਕੌਂਸਲਿੰਗ (ਸਲਾਹ-ਮਸ਼ਵਰਾ) ਵੀ ਕੀਤੀ ਗਈ, ਜਿਸ ਵਿਚ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ (ਸਿੰਗਲ ਯੂਜ਼ ਪਲਾਸਟਿਕ) ਦੇ ਧਰਤੀ ਅਤੇ ਸਿਹਤ ’ਤੇ ਪੈਣ ਵਾਲੇ ਭਿਆਨਕ ਦੁਸ਼ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਮੁਹਿੰਮ 5 ਜੂਨ ਤੱਕ ਲਗਾਤਾਰ ਜਾਰੀ ਰਹੇਗੀ ਤਾਂ ਜੋ ਆਮ ਲੋਕਾਂ ਨੂੰ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਬਣਾਇਆ ਜਾ ਸਕੇ।