ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਇੱਕੋ ਦਿਨ 13 ਮਾਲਗੱਡੀਆਂ ਦੀ ਲੋਡਿੰਗ ਕਰਕੇ ਬਣਾਇਆ ਨਵਾਂ ਰਿਕਾਰਡ
ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਇੱਕੋ ਦਿਨ ਵਿਚ 13 ਮਾਲਗੱਡੀਆਂ ਦੀ ਲੋਡਿੰਗ ਕਰਕੇ ਬਣਾਇਆ ਨਵਾਂ ਰਿਕਾਰਡ
Publish Date: Sat, 02 May 2026 04:17 PM (IST)
Updated Date: Sat, 02 May 2026 04:17 PM (IST)

ਦੇਸ਼ ਭਰ ਵਿਚ ਅਨਾਜ ਦੀ ਸਪਲਾਈ ਨੂੰ ਸੁਚਾਰੂ ਰੱਖਣ ਲਈ ਫ਼ਿਰੋਜ਼ਪੁਰ ਮੰਡਲ ਦੀ ਵੱਡੀ ਪ੍ਰਾਪਤੀ 562 ਵੈਗਨਾਂ ਰਾਹੀਂ ਭੇਜਿਆ ਕਣਕ ਤੇ ਚੌਲ ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਨੇ ਪੰਜਾਬ ਤੋਂ ਦੇਸ਼ ਦੇ ਕੋਨੇ-ਕੋਨੇ ਤੱਕ ਅਨਾਜ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਣ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਭਾਰਤੀ ਖੁਰਾਕ ਨਿਗਮ ਅਤੇ ਹੋਰ ਖੁਰਾਕੀ ਏਜੰਸੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਪਹਿਲ ਦੇ ਅਧਾਰ ਤੇ ਮਾਲਗੱਡੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 30 ਅਪ੍ਰੈਲ 2026 ਨੂੰ ਮੰਡਲ ਨੇ ਇੱਕੋ ਦਿਨ ਵਿਚ ਰਿਕਾਰਡ 13 ਮਾਲਗੱਡੀਆਂ ਦੀ ਲੋਡਿੰਗ ਮੁਕੰਮਲ ਕਰਕੇ ਇਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਕੁਸ਼ਲ ਪ੍ਰਬੰਧਨ ਅਤੇ ਬਿਹਤਰ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹੋਏ ਅਨਾਜ ਦੀ ਢੋਆ-ਢੁਆਈ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਰੇਲਵੇ ਅਧਿਕਾਰੀਆਂ ਅਨੁਸਾਰ ਮੰਡਲ ਨੇ ਆਪਣੀ ਕਾਰਜਕੁਸ਼ਲਤਾ ਨੂੰ ਸਾਬਤ ਕਰਦੇ ਹੋਏ ਮਹਿਜ਼ 24 ਘੰਟਿਆਂ ਦੇ ਅੰਦਰ 13 ਮਾਲਗੱਡੀਆਂ ਦੀ ਲੋਡਿੰਗ ਕੀਤੀ ਹੈ। ਇਨ੍ਹਾਂ ਮਾਲਗੱਡੀਆਂ ਵਿਚ ਕੁੱਲ 562 ਵੈਗਨਾਂ ਲੋਡ ਕੀਤੀਆਂ ਗਈਆਂ ਹਨ, ਜੋ ਮੰਡਲ ਦੇ ਇਤਿਹਾਸ ਵਿਚ ਇਕ ਨਵਾਂ ਰਿਕਾਰਡ ਹੈ। ਇਹ ਲੋਡਿੰਗ ਮੰਡਲ ਦੇ ਵੱਖ-ਵੱਖ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਕੀਤੀ ਗਈ, ਜਿਨ੍ਹਾਂ ਵਿਚ ਖਾਸਾ, ਜੰਡਿਆਲਾ, ਤਰਨਤਾਰਨ, ਪੱਟੀ, ਕਰਤਾਰਪੁਰ, ਬਟਾਲਾ, ਨਕੋਦਰ, ਬੰਗਾ, ਗੰਗਸਰ ਜੈਤੋ, ਨੂਰਮਹਿਲ, ਨਵਾਂ ਸ਼ਹਿਰ ਦੋਆਬਾ, ਅਜੀਤਵਾਲ ਅਤੇ ਕੋਟਕਪੂਰਾ ਸ਼ਾਮਲ ਹਨ। ਇਨ੍ਹਾਂ ਸਟੇਸ਼ਨਾਂ ਤੋਂ ਭਾਰਤੀ ਖੁਰਾਕ ਨਿਗਮ ਰਾਹੀਂ ਕਣਕ ਅਤੇ ਚੌਲਾਂ ਦੀ ਲੋਡਿੰਗ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜਿਆ ਗਿਆ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਪ੍ਰਾਪਤੀ ’ਤੇ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਦੇਸ਼ ਵਿਚ ਅਨਾਜ ਦੀ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੰਡਲ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਨਾਜ ਦੀ ਲੋਡਿੰਗ ਸੁਰੱਖਿਅਤ ਤਰੀਕੇ ਨਾਲ ਹੋਵੇ ਅਤੇ ਮਾਲਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੇ ਮੰਜ਼ਿਲਾਂ ਤੱਕ ਪਹੁੰਚ ਸਕਣ। ਅਧਿਕਾਰੀਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਖੁਰਾਕੀ ਏਜੰਸੀਆਂ ਦੀ ਮੰਗ ਅਨੁਸਾਰ ਮਾਲਗੱਡੀਆਂ ਦੀ ਉਪਲਬੱਧਤਾ ਨੂੰ ਸਰਵਉੱਚ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਅਨਾਜ ਦੀ ਕਮੀ ਨਾ ਆਵੇ।