ਚੋਰੀ ਦੇ 7 ਵਾਹਨਾਂ ਤੇ ਮੋਬਾਈਲਾਂ ਸਮੇਤ ਦੋ ਕਾਬੂ
ਫਿਰੋਜ਼ਪੁਰ ਪੁਲਿਸ ਨੇ ਚੋਰੀ ਦੇ 7 ਵਾਹਨਾਂ ਅਤੇ ਮੋਬਾਇਲਾਂ ਸਮੇਤ ਦੋ ਜਣੇ ਕੀਤੇ ਕਾਬੂ
Publish Date: Thu, 30 Apr 2026 05:46 PM (IST)
Updated Date: Thu, 30 Apr 2026 05:49 PM (IST)

- ਪੁਲਿਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਕੀਤਾ ਮਾਮਲਾ ਦਰਜ ਹਰਚਰਨ ਸਿੰਘ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਫਲਤਾ ਹਾਸਲ ਕਰਦਿਆਂ ਚੋਰੀ ਦੇ 4 ਮੋਟਰਸਾਈਕਲ, 3 ਐਕਟਿਵਾ ਅਤੇ 2 ਮੋਬਾਇਲ ਫੋਨਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਮਿਲੀ ਖਾਸ ਮੁਖਬਰੀ ਦੇ ਆਧਾਰ ’ਤੇ ਇਹ ਕਾਰਵਾਈ ਅੰਜ਼ਾਮ ਦਿੱਤੀ। ਫੜੇ ਗਏ ਮੁਲਜ਼ਮ ਇਲਾਕੇ ਵਿਚ ਲੰਬੇ ਸਮੇਂ ਤੋਂ ਵਾਹਨ ਚੋਰੀ ਅਤੇ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ, ਜਿਨ੍ਹਾਂ ਵਿਰੁੱਧ 302 (2), 304 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਇਲਾਕੇ ਵਿਚ ਮੌਜੂਦ ਸੀ, ਤਾਂ ਉਨ੍ਹਾਂ ਨੂੰ ਇਕ ਖਾਸ ਮੁਖਬਰ ਨੇ ਅਹਿਮ ਜਾਣਕਾਰੀ ਦਿੱਤੀ। ਮੁਖਬਰ ਨੇ ਦੱਸਿਆ ਕਿ ਹਰੀਸ਼ ਉਰਫ ਹੈਰੀ ਪੁੱਤਰ ਗੋਲਡੀ, ਵਾਸੀ ਬਸਤੀ ਆਵਾ ਅਤੇ ਅਕਾਸ਼ ਪੁੱਤਰ ਬਸੰਤ, ਵਾਸੀ ਬਸਤੀ ਸ਼ੇਖਾਂ ਵਾਲੀ ਆਪਸ ਵਿਚ ਮਿਲ ਕੇ ਇਕ ਗਿਰੋਹ ਚਲਾ ਰਹੇ ਹਨ। ਇਹ ਮੁਲਜ਼ਮ ਫਿਰੋਜ਼ਪੁਰ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚੋਂ ਦੋ-ਪਹੀਆ ਵਾਹਨ ਚੋਰੀ ਕਰਦੇ ਹਨ ਅਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਚੋਰੀ ਕੀਤੇ ਗਏ ਇਨ੍ਹਾਂ ਵਾਹਨਾਂ ਨੂੰ ਉਹ ਅੱਗੇ ਗਾਹਕਾਂ ਨੂੰ ਵੇਚ ਕੇ ਦਿੰਦੇ ਹਨ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਹ ਦੋਵੇਂ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ਸਮੇਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਖਾਲੀ ਜਗ੍ਹਾ ’ਤੇ ਖੜ੍ਹੇ ਹਨ ਅਤੇ ਕਿਸੇ ਗਾਹਕ ਦੀ ਤਾਕ ਵਿਚ ਹਨ। ਪੁਲਿਸ ਪਾਰਟੀ ਨੇ ਮੁਖਬਰ ਵੱਲੋਂ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਦੋਵਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 4 ਮੋਟਰਸਾਈਕਲ, 3 ਐਕਟਿਵਾ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਣ। ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ’ਤੇ ਚੋਰੀ ਦੇ ਹੋਰ ਵੀ ਵਾਹਨ ਮਿਲਣ ਦੀ ਸੰਭਾਵਨਾ ਹੈ।