ਫਿਰੋਜ਼ਪੁਰ ਪੁਲਿਸ ਨੇ ਮੋਬਾਇਲ ਖੋਹ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕੀਤੇ ਕਾਬੂ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੋਬਾਇਲ ਖੋਹਣ ਅਤੇ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ 42 ਮੋਬਾਇਲ ਅਤੇ 2 ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਫਿਰੋਜ਼ਪੁਰ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ। ਭੁਪਿੰਦਰ ਸਿੰਘ ਸਿੱਧੂ ਪੀਪੀਐੱਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਟੀਮ ਨੇ ਇਕ ਗੁਪਤ ਸੂਚਨਾ ਦੇ ਅਧਾਰ ’ਤੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਸਥਾਨਕ ਮੁਲਤਾਨੀ ਗੇਟ ਨੇੜੇ ਗਸ਼ਤ ਦੌਰਾਨ ਸਹਾਇਕ ਸਬ-ਇੰਸਪੈਕਟਰ ਅਯੂਬ ਮਸੀਹ ਦੀ ਅਗਵਾਈ ਦੀ ਟੀਮ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਵੀਰੂ ਉਰਫ ਕਾਲੀ, ਵਿਰਖੀ, ਮੋਹਿਤ, ਤਨੁਸ਼ ਅਤੇ ਪ੍ਰਿੰਸ ਨਾਮੀ ਨੌਜਵਾਨ ਸ਼ਹਿਰ ਵਿਚ ਮੋਬਾਇਲ ਖੋਹਣ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ਨੇੜਲੇ ਖੰਡਰਾਂ ਵਿਚ ਛਾਪੇਮਾਰੀ ਕਰਕੇ ਪੰਜ ਮੁਲਜ਼ਮਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਮੁੱਢਲੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 10 ਮੋਬਾਈਲ ਅਤੇ 2 ਮੋਟਰਸਾਈਕਲ ਬਰਾਮਦ ਹੋਏ। ਮੁਲਜ਼ਮਾਂ ਤੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ 20 ਹੋਰ ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਗਿਰੋਹ ਦੇ ਇਕ ਮੈਂਬਰ ਮੋਹਿਤ ਨੇ ਖੁਲਾਸਾ ਕੀਤਾ ਕਿ ਕਰਨ ਉਰਫ ਨਿੱਜਾ ਵੀ ਉਨ੍ਹਾਂ ਨਾਲ ਵਾਰਦਾਤਾਂ ਵਿਚ ਸ਼ਾਮਲ ਸੀ ਅਤੇ ਉਹ ਖੋਹੇ ਹੋਏ ਮੋਬਾਇਲ ਸੰਜੀਵ ਕਪੂਰ ਉਰਫ ਮੋਨੂੰ ਨੂੰ ਵੇਚਦੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਰਨ ਅਤੇ ਸੰਜੀਵ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ। ਕਰਨ ਕੋਲੋਂ 10 ਅਤੇ ਸੰਜੀਵ ਕੋਲੋਂ 2 ਮੋਬਾਇਲ ਹੋਰ ਬਰਾਮਦ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਕਰਨ ਉਰਫ ਨਿੱਜਾ ਖਿਲਾਫ ਪਹਿਲਾਂ ਹੀ ਚੋਰੀ ਅਤੇ ਜੇਲ੍ਹ ਐਕਟ ਤਹਿਤ ਤਿੰਨ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਮੋਹਿਤ ਅਤੇ ਵੀਰੂ ਖਿਲਾਫ ਵੀ ਪਹਿਲਾਂ ਇਕ ਅਪਰਾਧਿਕ ਮਾਮਲਾ ਦਰਜ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ 303 (2) ਅਤੇ 304 ਬੀਐੱਨਐੱਸ ਤਹਿਤ ਮੁਕੱਦਮਾ ਨੰਬਰ 155 ਦਰਜ ਕੀਤਾ ਗਿਆ ਹੈ। ਸੰਜੀਵ ਕਪੂਰ ਨੂੰ ਜੂਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ।