‘‘ਯੁੱਧ ਨਸ਼ਿਆ ਵਿਰੁੱਧ’’ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸੂਬਾ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਫਿਰੋਜ਼ਪੁਰ ਪੁਲਿਸ ਨੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਤਹਿਤ ਬੀਤੇ 24 ਘੰਟਿਆਂ ਵਿੱਚ ਹੀ 7 ਕਿੱਲੋ 858 ਗ੍ਰਾਮ ਹੈਰੋਇਨ ਸਮੇਤ 4 ਸਮੱਗਲਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ । ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਠੱਲ੍ਵ ਪਾਉਣ ਲਈ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀਆਈਏ ਸਟਾਫ ਜ਼ੀਰਾ ਦੀ ਇਕ ਟੀਮ ਨੂੰ ਮਿਤੀ 12 ਮਈ 2026 ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਦੀ ਅਗਵਾਈ ਵਾਲੀ ਟੀਮ ਦੌਰਾਨੇ ਗਸ਼ਤ ਵਾ ਚੈਕਿੰਗ ਬੱਸ-ਅੱਡਾ ਘੱਲਖੁਰਦ ਪੁੱਜੀ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਟੂ ਕਦੀਮ ਥਾਣਾ ਮਮਦੋਟ ਤੇ ਰੋਬਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜੇ ਕੇ ਉਤਾੜ ਥਾਣਾ ਗੁਰੂਹਰਹਸਾਏ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਬੱਸ ਅੱਡਾ ਫਿਰੋਜਸ਼ਾਹ ਪਾਸ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜਿਸ ’ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦਿਆ ਅਕਾਸ਼ਦੀਪ ਉਰਫ ਅਕਾਸ਼ ਅਤੇ ਰੋਬਿਨ ਕੁਮਾਰ ਉਕਤ ਨੂੰ ਕਾਬੂ ਕੀਤਾ ਗਿਆ, ਮੁਲਜ਼ਮ ਅਕਾਸ਼ਦੀਪ ਪਾਸੋਂ 1 ਕਿੱਲੋ 18 ਗ੍ਰਾਮ ਹੈਰੋਇਨ ਅਤੇ ਮੁਲਜ਼ਮ ਰੋਬਿਨ ਕੁਮਾਰ ਪਾਸੋਂ 518 ਗ੍ਰਾਮ ਹੈਰੋਇਨ ਕੁੱਲ 1 ਕਿੱਲੋ 536 ਗ੍ਰਾਮ ਹੈਰੋਇਨ ਅਤੇ 2 ਮੋਬਾਇਲ ਫੋਨ ਬਰਮਦ ਹੋਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਤਸਕਰਾਂ ਖਿਲਾਫ ਥਾਣਾ ਘੱਲਖੁਰਦ ’ਚ ਐੱਨਡੀਪੀਐੱਸ ਟੈਕਟ ਤਹਿਤ ਮਾਮਲੇ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ। ਦੌਰਾਨੇ ਤਫਤੀਸ਼ ਮੁਲਜ਼ਮ ਰੋਬਿਨ ਕੁਮਾਰ ਦੀ ਪੁੱਛਗਿੱਛ ਤੇ ਮਿਤੀ 13 ਮਈ 2026 ਨੂੰ ਉਸ ਦੇ ਘਰੋਂ ਪੰਜੇ ਕੇ ਥਾਣਾ ਗੁਰੂਹਰਸਹਾਏ ਤੋਂ 4 ਕਿੱਲੋ 171 ਗਰਾਮ ਹੈਰੋਇਨ ਬਰਾਮਦ ਹੋਈ ਅਤੇ ਇਸਨੇ ਦੱਸਿਆ ਕਿ ਸੰਤੋਸ਼ ਰਾਣੀ ਪਤਨੀ ਮਨਜੀਤ ਸਿੰਘ ਅਤੇ ਇਸ ਦੇ ਲੜਕੇ ਜੁਵੈਨਾਇਲ ਵਾਸੀਆਨ ਪਿੰਡ ਸੋਢੇ ਵਾਲਾ ਥਾਣਾ ਸਦਰ ਫਿਰੋਜ਼ਪੁਰ ਨਾਲ ਉਸਦਾ ਤਾਲਮੇਲ ਹੈ ਅਤੇ ਉਹ ਇਨ੍ਹਾਂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਉਨ੍ਹਾਂ ਨੇ ਵੀ ਆਪਣੇ ਪਾਸ ਘਰ ਵਿਚ ਹੈਰੋਇਨ ਛੁਪਾ ਕੇ ਰੱਖੀ ਹੋਈ ਹੈ। ਜਿਸ ਆਧਾਰ ’ਤੇ ਜ਼ਾਬਤਾ ਅਨੁਸਾਰ ਕਾਰਵਾਈ ਕਰਦਿਆਂ ਮਿਤੀ 14 ਮਈ 2026 ਨੂੰ ਸੰਤੋਸ਼ ਰਾਣੀ ਦੇ ਘਰੋਂ 2 ਕਿੱਲੋ 151 ਗ੍ਰਾਮ ਹੈਰੋਇਨ ਤੇ 1 ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਤੇ ਸੰਤੋਸ਼ ਰਾਣੀ ਨੂੰ ਗ੍ਰਿਫਤਾਰ ਅਤੇ ਇਸਦੇ ਲੜਕੇ ਜੁਵੈਨਾਇਲ ਨੂੰ ਜਾਬਤਾ ਅਨੁਸਾਰ ਡਿਟੇਨ ਕੀਤਾ ਗਿਆ। ਮੁਕੱਦਮਾ ਵਿਚ ਬਰਾਮਦ ਮੋਬਾਈਲ ਫੋਨਾਂ ਦੀ ਫੌਰੈਂਸਿਕ ਇੰਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਤਫਤੀਸ਼ ਜਾਰੀ ਹੈ।