ਫਿਰੋਜ਼ਪੁਰ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ
ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਸ਼ਾਨਦਾਰ ਸਫਲਤਾ ਹਾਸਲ ਹੋਈ ਹੈ। ਭੁਪਿੰਦਰ ਸਿੰਘ ਸਿੱਧੂ ਪੀਪੀਐੱਸ ਐੱਸਐੱਸਪੀ ਫਿਰੋਜ਼ਪੁਰ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਪੁਲਿਸ ਨੇ ਸਿਰਫ਼ ਇਕ ਦਿਨ ਵਿਚ 4 ਵੱਖ-ਵੱਖ ਮੁਕੱਦਮੇ ਦਰਜ਼ ਕਰਕੇ 8 ਦੋਸ਼ੀਅਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤਸਕਰਾਂ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਵਿਚ 1 ਕਿਲੋ 13 ਗ੍ਰਾਮ ਹੈਰੋਇਨ, 20 ਕਿਲੋ 258 ਗ੍ਰਾਮ ਅਫੀਮ ਅਤੇ 86 ਕਿਲੋ 64 ਗ੍ਰਾਮ ਚੂਰਾ ਪੋਸਤ ਸ਼ਾਮਲ ਹੈ। ਨਸ਼ਿਆਂ ਦੀ ਕੁੱਲ ਬਰਾਮਦਗੀ 107 ਕਿਲੋ 435 ਗ੍ਰਾਮ ਬਣਦੀ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਮੂਹ ਗਜ਼ਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਕਾਰਵਾਈ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 367 ਮਿਤੀ 10 ਅਕਤੂਬਰ 2025 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਦਰਜ ਕੀਤਾ ਗਿਆ। ਸੀਆਈਏ ਸਟਾਫ, ਫਿਰੋਜ਼ਪੁਰ ਦੇ ਐੱਸਆਈ ਸੁਖਬੀਰ ਸਿੰਘ ਨੇ ਗਸ਼ਤ ਦੌਰਾਨ ਮੁਖਬਰੀ ’ਤੇ ਕਾਰਵਾਈ ਕਰਦਿਆਂ ਲਵ ਉਰਫ ਲਵ ਭੱਟੀ ਵਾਰਡ ਨੰਬਰ 16 ਪੁਰਾਣੀ ਸਬਜ਼ੀ ਮੰਡੀ, ਸ਼ਿਵਾ ਅਤੇ ਪ੍ਰਗਟ ਉਰਫ ਘੋਧਰ ਗੁਰਮੁੱਖ ਸਿੰਘ ਕਾਲੋਨੀ, ਜਨਤਾ ਪ੍ਰੀਤ ਨਗਰ ਨੂੰ ਫਿਰੋਜ਼ਪੁਰ ਤੋਂ ਰੱਖੜੀ ਰੋਡ ਨੇੜੇ ਸ਼ੈਲਰ ਕੋਲੋਂ ਕਾਬੂ ਕੀਤਾ। ਇਨ੍ਹਾਂ ਦੋਸ਼ੀਅਨ ਪਾਸੋਂ 1 ਕਿਲੋ 13 ਗ੍ਰਾਮ ਹੈਰੋਇਨ, 1 ਮੋਟਰਸਾਈਕਲ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਗਏ।
20 ਕਿੱਲੋ 258 ਗ੍ਰਾਮ ਅਫ਼ੀਮ ਦੀ ਬਰਾਮਦ
ਮੁਕੱਦਮਾ ਨੰਬਰ 150 ਮਿਤੀ 10.10.2025 ਨੂੰ ਥਾਣਾ ਸਦਰ ਜ਼ੀਰਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤਾ ਗਿਆ। ਇੰਸਪੈਕਟਰ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਜ਼ੀਰਾ ਨੇ ਖਾਸ ਮੁਖਬਰੀ ’ਤੇ ਹਰਜਿੰਦਰ ਸਿੰਘ ਉਰਫ ਜਿੰਦਰ ਬਸਤੀ ਸ਼ਾਮੇ ਵਾਲੀ, ਥਾਣਾ ਮਖੂ ਅਤੇ ਗੁਰਜਿੰਦਰ ਸਿੰਘ ਉਰਫ ਗੋਰਾ ਬੂਹ ਗੁੱਜਰਾ, ਥਾਣਾ ਮਖੂ ਨੂੰ ਬੱਸ ਅੱਡਾ ਸ਼ਾਹਵਾਲਾ ਤੋਂ ਕਾਬੂ ਕੀਤਾ। ਇਹ ਦੋਸ਼ੀ ਯੂਪੀ ਤੋਂ ਅਫੀਮ ਲਿਆ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਸਨ। ਇਨ੍ਹਾਂ ਪਾਸੋਂ 20 ਕਿਲੋ 258 ਗ੍ਰਾਮ ਅਫੀਮ, ਇਕ ਕਰੇਟਾ ਕਾਰ ਨੰਬਰ ਪੀਬੀ 29 ਏਡੀ 0055 ਅਤੇ 2 ਮੋਬਾਈਲ ਫੋਨ ਬਰਾਮਦ ਹੋਏ। ਤੀਜਾ ਦੋਸ਼ੀ ਸੁਰਜੀਤ ਸਿੰਘ ਉਰਫ ਸਿਦਾ ਡਿੱਬ ਵਾਲਾ, ਥਾਣਾ ਮਖੂ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
51 ਕਿੱਲੋ ਚੂਰਾ ਪੋਸਤ ਸਮੇਤ 2 ਕਾਬੂ
ਮੁਕੱਦਮਾ ਨੰਬਰ 116 ਮਿਤੀ 10 ਅਕਤੂਬਰ 2025 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਜ਼ੀਰਾ ਵਿਖੇ ਦਰਜ ਹੋਇਆ। ਇੰਸਪੈਕਟਰ ਗੁਰਮੀਤ ਸਿੰਘ ਨੇ ਗਸ਼ਤ ਦੌਰਾਨ ਮੁਖਬਰੀ ਮਿਲਣ ’ਤੇ ਸੰਦੀਪ ਸਿੰਘ ਕੁੱਲਾ ਕੱਚਾ ਪੱਕਾ, ਜ਼ਿਲ੍ਹਾ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਜੌਹਲ ਨਗਰ ਜ਼ੀਰਾ ਨੂੰ ਪੁੱਲ ਸੂਆ ਮਨਸੂਰਦੇਵਾ ਝੱਤਰਾ ਰੋਡ ਜ਼ੀਰਾ ਤੋਂ ਗ੍ਰਿਫਤਾਰ ਕੀਤਾ। ਇਨ੍ਹਾਂ ਪਾਸੋਂ 51 ਕਿੱਲੋ 64 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ।
35 ਕਿਲੋ ਚੂਰਾ ਪੋਸਤ ਬਰਾਮਦ
ਮੁਕੱਦਮਾ ਨੰਬਰ 316 ਮਿਤੀ 10.10.2025 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਗੁਰੂਹਰਸਹਾਏ ਵਿਖੇ ਦਰਜ ਕੀਤਾ ਗਿਆ। ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੂੰ ਇਤਲਾਹ ਮਿਲੀ ਕਿ ਸੁਖਦੇਵ ਸਿੰਘ ਉਰਫ ਮੌਲੀ ਬਾਬਾ ਤਾਰੇ ਵਾਲਾ ਖੂਹ, ਪੰਜੇ ਕੇ ਉਤਾੜ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ। ਪੁਲਿਸ ਟੀਮ ਨੇ ਦੋਸ਼ੀ ਸੁਖਦੇਵ ਸਿੰਘ ਨੂੰ ਉਸਦੇ ਘਰ ਨੇੜਿਓਂ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ 35 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ। ਐੱਸਐੱਸਪੀ ਸਿੱਧੂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਨਸ਼ਾ ਤਸਕਰੀ ਨੈੱਟਵਰਕ ਦੇ ਹੋਰ ਲਿੰਕਾਂ ਅਤੇ ਪਿਛਲੇ-ਅਗਲੇ ਸਾਥੀਆਂ ਬਾਰੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਹੋਰ ਤੇਜ਼ ਕਰੇਗੀ ਤਾਂ ਜੋ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾ ਸਕੇ।