ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀ ਵਾਲਾ ’ਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਦੇ ਨਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ 7 ਕਿੱਲੋ ਹੈਰੋਇਨ ਦੇ ਮਾਮਲੇ ’ਚ ਭਗੌੜੇ ਚੱਲ ਰਹੇ ਤਸਕਰ ਵਿਰੁੱਧ ਕੀਤੀ ਗਈ ਹੈ, ਜਿਸ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਘਰ ਉਸਾਰਿਆ ਹੋਇਆ ਸੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀ ਵਾਲਾ ’ਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਦੇ ਨਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ 7 ਕਿੱਲੋ ਹੈਰੋਇਨ ਦੇ ਮਾਮਲੇ ’ਚ ਭਗੌੜੇ ਚੱਲ ਰਹੇ ਤਸਕਰ ਵਿਰੁੱਧ ਕੀਤੀ ਗਈ ਹੈ, ਜਿਸ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਘਰ ਉਸਾਰਿਆ ਹੋਇਆ ਸੀ।
ਡੀਐੱਸਪੀ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਅਤੇ ਸਿਵਲ ਪ੍ਰਸ਼ਾਸਨ ਦੇ ਮੈਜਿਸਟਰੇਟ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਦੀ ਮੱਦਦ ਨਾਲ ਇਸ ਗ਼ੈਰ-ਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ। ਫ਼ਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੱਜ ਜ਼ੀਰੋ ਲਾਈਨ ਦੇ ਨੇੜਲੇ ਪਿੰਡ ਟੇਂਡੀ ਵਾਲਾ ਵਿਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਇਸ ਪਿੰਡ ਦਾ ਗੁਰਪ੍ਰੀਤ ਸਿੰਘ ਜੋ ਕਿ 7 ਕਿੱਲੋ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਹੈ ਅਤੇ ਕਾਫੀ ਸਮੇਂ ਤੋਂ ਭਗੌੜਾ ਚੱਲ ਰਿਹਾ ਹੈ, ਉਸ ਨੇ ਨਸ਼ੇ ਦੀ ਕਮਾਈ ਨਾਲ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀ।
ਇਸ ਕਾਰਵਾਈ ਦੌਰਾਨ ਡੀਐੱਸਪੀ ਫ਼ਿਰੋਜ਼ਪੁਰ ਪੁਲਿਸ ਫੋਰਸ ਸਣੇ ਹਾਜ਼ਰ ਸਨ। ਸਿਵਲ ਪ੍ਰਸ਼ਾਸਨ ਵੱਲੋਂ ਨਿਯੁਕਤ ਐਗਜ਼ੀਕਿਊਟਿਵ ਮੈਜਿਸਟਰੇਟ ਨੇ ਮਾਲ ਵਿਭਾਗ ਦੇ ਰਿਕਾਰਡ ਦੀ ਪੜਤਾਲ ਤੋਂ ਬਾਅਦ ਇਸ ਨਿਰਮਾਣ ਨੂੰ ਨਜਾਇਜ਼ ਐਲਾਨਦਿਆਂ ਇਸ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਘਰ ਅੰਦਰ ਪਏ ਸਾਮਾਨ ਨੂੰ ਪੂਰੀ ਸੁਰੱਖਿਆ ਨਾਲ ਬਾਹਰ ਕੱਢ ਕੇ ਰੱਖ ਦਿੱਤਾ ਗਿਆ ਸੀ, ਤਾਂ ਜੋ ਕਿਸੇ ਦਾ ਨਿੱਜੀ ਨੁਕਸਾਨ ਨਾ ਹੋਵੇ। ਇਸ ਤੋਂ ਬਾਅਦ ਜੇਸੀਬੀ ਮਸ਼ੀਨ ਰਾਹੀਂ ਮਿੰਟਾਂ ਵਿਚ ਹੀ ਨਜਾਇਜ਼ ਉਸਾਰੀ ਨੂੰ ਢੇਰ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਸਕਰ ਦੇ ਖ਼ਿਲਾਫ਼ ਹੈਰੋਇਨ ਤਸਕਰੀ ਤੋਂ ਇਲਾਵਾ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਘਰ ਨਸ਼ਾ ਤਸਕਰੀ ਦੇ ਪੈਸਿਆਂ ਨਾਲ ਸਰਕਾਰੀ ਜ਼ਮੀਨ ਉੱਤੇ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਸਰਕਾਰ ਅਤੇ ਪੁਲਿਸ ਦੀ ਨੀਤੀ ਬਿਲਕੁਲ ਸਾਫ਼ ਹੈ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜੋ ਕੋਈ ਵੀ ਨਸ਼ੇ ਦੇ ਕਾਲੇ ਕਾਰੋਬਾਰ ਰਾਹੀਂ ਅਜਿਹੀਆਂ ਜਾਇਦਾਦਾਂ ਬਣਾਏਗਾ, ਉਨ੍ਹਾਂ ’ਤੇ ਪ੍ਰਸ਼ਾਸਨ ਦਾ ਡੰਡਾ ਇਸੇ ਤਰ੍ਹਾਂ ਚੱਲਦਾ ਰਹੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਅੱਜ ਉਸ ਦੀ ਜਾਇਦਾਦ ’ਤੇ ਕਾਰਵਾਈ ਕੀਤੀ ਗਈ ਹੈ ਪਰ ਤਸਕਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਸ ਦੇ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।