ਸਥਾਨਕ ਗੋਲਡਨ ਐਨਕਲੇਵ ਇਲਾਕੇ ’ਚ ਕੁੱਤਿਆਂ ਵੱਲੋਂ ਇਕ ਔਰਤ ਨੂੰ ਵੱਡੇ ਜਾਣ ਦੇ ਮਾਮਲੇ ’ਚ 32 ਦਿਨਾ ਬਾਅਦ ਪੁਲਿਸ ਨੇ ਕੁੱਤਿਆਂ ਨੂੰ ਪਾਲਣ ਵਾਲੇ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਖ਼ਮੀ ਮਹਿਲਾ ਲੰਮਾਂ ਸਮਾਂ ਲੁਧਿਆਣਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਰਹੀ।

ਸਟਾਫ ਰਿਪੋਰਟਰ, ਫਿਰੋਜ਼ਪੁਰ : ਸਥਾਨਕ ਗੋਲਡਨ ਐਨਕਲੇਵ ਇਲਾਕੇ ’ਚ ਕੁੱਤਿਆਂ ਵੱਲੋਂ ਇਕ ਔਰਤ ਨੂੰ ਵੱਡੇ ਜਾਣ ਦੇ ਮਾਮਲੇ ’ਚ 32 ਦਿਨਾ ਬਾਅਦ ਪੁਲਿਸ ਨੇ ਕੁੱਤਿਆਂ ਨੂੰ ਪਾਲਣ ਵਾਲੇ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਖ਼ਮੀ ਮਹਿਲਾ ਲੰਮਾਂ ਸਮਾਂ ਲੁਧਿਆਣਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਰਹੀ। ਬੀਤੀ 10 ਅਪ੍ਰੈਲ ਦੀ ਸ਼ਾਮ ਨੂੰ ਸਥਾਨਕ ਗੋਲਡਨ ਐਨਕਲੇਵ ਇਲਾਕ ’ਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ 42 ਸਾਲਾ ਦੀਪਿਕਾ ’ਤੇ ਇੱਕ ਦਰਜਨ ਦੇ ਕਰੀਬ ਅਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ ਸੀ।
ਕੁੱਤਿਆਂ ਨੇ ਦੀਪਿਕਾ ਦਾ ਖੱਬਾ ਹੱਥ ਇਸ ਕਦਰ ਨੋਚਿਆ ਕਿ ਉਸ ਦੀਆਂ ਨਾੜਾਂ ਬਾਹਰ ਆ ਗਈਆਂ ਤੇ ਗੋਡਿਆਂ ’ਤੇ ਵੀ ਡੂੰਘੇ ਜ਼ਖ਼ਮ ਕਰ ਦਿੱਤੇ। ਲੋਕਾਂ ਨੇ ਮੁਸ਼ਕਲ ਨਾਲ ਦੀਪਿਕਾ ਨੂੰ ਕੁੱਤਿਆਂ ਤੋਂ ਛੁਡਾਇਆ ਤੇ ਸਿਵਲ ਹਸਪਤਾਲ ਫਿਰੋਜ਼ਪੁਰ ਦਾਖ਼ਲ ਕਰਵਾਇਆ। ਜ਼ਖ਼ਮ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰਨਾ ਪਿਆ, ਜਿੱਥੇ ਉਨ੍ਹਾਂ ਦੇ ਸੱਜੇ ਹੱਥ ਦੀ ਸਰਜਰੀ ਕੀਤੀ ਗਈ। ਪੀੜਤਾ ਮੁਤਾਬਕ ਉਨ੍ਹਾਂ ’ਤੇ ਹਮਲਾ ਕਰਨ ਵਾਲੇ 5-6 ਕੁੱਤੇ ਉਨ੍ਹਾਂ ਦੇ ਮੁੱਹਲੇ ’ਚ ਹੀ ਰਹਿੰਦੇ ਡਾ. ਮਨੀਸ਼ ਕੁਮਾਰ ਉਰਫ਼ ਨੰਦਾ ਵੱਲੋਂ ਪਾਲੇ ਹੋਏ ਸਨ ਤੇ ਬਾਕੀ ਅਵਾਰਾ ਸਨ, ਜਿਨਾਂ ਨੂੰ ਡਾਕਟਰ ਨੰਦਾ ਰੋਟੀ ਪਾਉਂਦੇ ਸਨ। ਉਹ ਵੀ ਉਨ੍ਹਾਂ ਦੇ ਘਰ ਦੇ ਬਾਹਰ ਬਣੇ ਸ਼ੈੱਡ ’ਚ ਰਹਿੰਦੇ ਸਨ। ਪੀੜਤ ਪਰਿਵਾਰ ਤੇ ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਵਾਰ ਡਾ. ਨੰਦਾ ਨੂੰ ਕੁੱਤਿਆਂ ਨੂੰ ਰਿਹਾਇਸ਼ੀ ਇਲਾਕੇ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਸੀ। ਕਿਉਂਕਿ ਕੁੱਤਿਆਂ ਦੀ ਵੈਕਸੀਨੇਸ਼ਨ ਵੀ ਨਹੀਂ ਹੋਈ ਸੀ ਪਰ ਡਾਕਟਰ ਨੇ ਕਿਸੇ ਦੀ ਗੱਲ ਨਹੀਂ ਸੁਣੀ। ਐਡਵੋਕੇਟ ਰੋਹਿਤ ਅਰੋੜਾ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਡਾਕਟਰ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਵੀ ਕਈ ਵਾਰ ਦੱਸਿਆ ਗਿਆ ਹੈ। ਪਰ ਉਨ੍ਹਾਂ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ।
ਥਾਣਾ ਸਿਟੀ ਫਿਰੋਜ਼ਪੁਰ ਦੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਡਾ. ਮਨੀਸ਼ ਕੁਮਾਰ ਉਰਫ਼ ਨੰਦਾ ਖ਼ਿਲਾਫ਼ 125 ਤੇ 291 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਡਾਕਟਰ ਵੱਲੋਂ ਗਲੀ ’ਚ ਕੁੱਤਿਆਂ ਲਈ ਸ਼ੈੱਡ ਬਣਾਉਣਾ ਤੇ ਉਨ੍ਹਾਂ ਦੀ ਸਹੀ ਸਾਂਭ-ਸੰਭਾਲ ਨਾ ਕਰਨਾ ਸਰਾਸਰ ਅਣਗਹਿਲੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।