Ferozepur News : ਜਾਅਲੀ ਸਰਟੀਫਿਕੇਟ ਮਾਮਲੇ 'ਚ ਸਾਬਕਾ ਪ੍ਰਿੰਸੀਪਲ ਗ੍ਰਿਫ਼ਤਾਰ, ਗ੍ਰਾਂਟਾਂ 'ਚ ਗਬਨ ਦੇ ਦੋਸ਼ਾਂ 'ਚ ਕੀਤਾ ਸੀ ਮੁਅੱਤਲ
ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹੇ ਸਾਬਕਾ ਪ੍ਰਿੰਸੀਪਲ ਸੁਰੇਸ਼ ਕੁਮਾਰ ਵਿਰੁੱਧ ਗੁਰੂਹਰਸਹਾਏ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Publish Date: Mon, 21 Jul 2025 07:41 PM (IST)
Updated Date: Mon, 21 Jul 2025 07:44 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹੇ ਸਾਬਕਾ ਪ੍ਰਿੰਸੀਪਲ ਸੁਰੇਸ਼ ਕੁਮਾਰ ਵਿਰੁੱਧ ਗੁਰੂਹਰਸਹਾਏ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਰੇਸ਼ ਕੁਮਾਰ ਉੱਪਰ ਜਾਅਲੀ ਅਪੰਗਤਾ ਸਰਟੀਫਿਕੇਟ ਪੇਸ਼ ਕਰਨ ਦਾ ਦੋਸ਼ ਹੈ ਅਤੇ ਇਹ ਮਾਮਲਾ ਅਧਿਆਪਕ ਗੁਰਨਾਮ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਥਾਣਾ ਇੰਚਾਰਜ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਬਕਾ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਆਪਣੀ ਨੌਕਰੀ ਦੌਰਾਨ ਸਿੱਖਿਆ ਵਿਭਾਗ ਨੂੰ ਆਪਣੀ ਨੌਕਰੀ ਦੀ ਮਿਆਦ ਦੋ ਸਾਲ ਵਧਾਉਣ ਦੀ ਬੇਨਤੀ ਕੀਤੀ ਸੀ, ਜਿਸ ਲਈ ਉਨ੍ਹਾਂ ਨੇ ਇਕ ਅਪਾਹਜ ਸਰਟੀਫਿਕੇਟ ਨੱਥੀ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਆਪਕ ਗੁਰਨਾਮ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਜਾਂਚ ਕਰਨ ’ਤੇ ਇਹ ਸਾਬਤ ਹੋਇਆ ਕਿ ਦਸਤਾਵੇਜ਼ਾਂ ਵਿੱਚ ਛੇੜਛਾੜ ਹੋਈ ਹੈ। ਇਸ ਤੋਂ ਬਾਅਦ ਜ਼ਿਲ੍ਹਾ ਸਰਕਾਰੀ ਵਕੀਲ ਦੀ ਅਧਿਕਾਰਤ ਰਾਏ ਲੈਣ ਤੋਂ ਬਾਅਦ ਸੁਰੇਸ਼ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।