ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਸਫਲਤਾ ਹਾਸਲ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਭਾਵੇਂ ਅਪ੍ਰੈਲ ਦੇ ਪਹਿਲੇ 15 ਦਿਨਾਂ ਵਿੱਚ ਹੀ 15 ਵੱਡੇ ਨਸ਼ਾ ਤਸਕਰਾਂ , ਗੈਂਗਸਟਰਾਂ ਅਤੇ ਅਸਲਾ ਸਪਲਾਇਰਾਂ ਨੂੰ ਕਾਬੂ ਕਰਕੇ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਕੀਤੀ ਹੈ,ਪਰ ਇੰਨ੍ਹਾਂ ਕਾਰਵਾਈਆਂ ਦੌਰਾਨ ਕਈ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਏ ਹਨ।

ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ , ਫਿਰੋਜ਼ਪੁਰ ; ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਸਫਲਤਾ ਹਾਸਲ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਭਾਵੇਂ ਅਪ੍ਰੈਲ ਦੇ ਪਹਿਲੇ 15 ਦਿਨਾਂ ਵਿੱਚ ਹੀ 15 ਵੱਡੇ ਨਸ਼ਾ ਤਸਕਰਾਂ , ਗੈਂਗਸਟਰਾਂ ਅਤੇ ਅਸਲਾ ਸਪਲਾਇਰਾਂ ਨੂੰ ਕਾਬੂ ਕਰਕੇ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਕੀਤੀ ਹੈ,ਪਰ ਇੰਨ੍ਹਾਂ ਕਾਰਵਾਈਆਂ ਦੌਰਾਨ ਕਈ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਏ ਹਨ।
ਪੁਲਿਸ ਦੀ ਇਸ ਬਰਾਮਦਗੀ ਦੌਰਾਨ ਜੇਲ੍ਹ ਬੈਠੇ ਇਕ ਗੈਰ ਸਮਾਜੀ ਅਨਸਰ ਦੀਆਂ ਹਦਾਇਤਾਂ ’ਤੇ ਹਥਿਆਰਾਂ ਅਤੇ ਨਸ਼ੇ ਨਾਲ ਡੀਲ ਕਰਦੀ ਬਾਹਰ ਬੈਠੀ ਇੱਕ ਔਰਤ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਤਾਂ ਬੀਐਸਐਫ ਦੇ ਐਂਟੀ ਡਰੋਨ ਸਿਸਟਮ ਨੂੰ ਚੱਕਮਾ ਦੇ ਕੇ ਪਾਕਿਸਤਾਨੋਂ ਆਏ ਇਕ ਡਰੋਨ ਦੀ ਸਰਹੱਦ ਤੋਂ 15 ਕਿੱਲੋਮੀਟਰ ਅੰਦਰ ਹੋਈ ਕਰੈਸ਼ ਲੈਂਡਿੰਗ ਆਉਣ ਵਾਲੇ ਵੱਅੇ ਖਤਰਿਆਂ ਦੀ ਪੇਸ਼ਨਗੋਈ ਕਰ ਗਈ ।
ਇਸ ਦੇ ਨਾਲ ਹੀ ਘੱਟ ਨਫ਼ਰੀ ਨਾਲ ਗੁਜਾਰਾ ਕਰ ਰਹੇ ਪੰਜਾਬ ਪੁਲਿਸ ਮਹਿਕਮੇ ਸਾਹਮਣੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਵੀ ਸਾਹਮਣੇ ਹੀ ਨਜ਼ਰ ਆ ਰਹੀਆਂ ਹਨ।
ਬਹਿਰਹਾਲ ਜ਼ਿਲ੍ਹਾ ਪੁਲਿਸ ਨੇ ਅਪ੍ਰੈਲ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਹੀ 21 ਕਿੱਲੋ ਹੈਰੋਇਨ, 7 ਪਿਸਟਲ , 7 ਮੋਬਾਈਲ,ਤੇ 34 ਸਿੰਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਵਿੱਚ ਸ਼ਹਿਜ਼ਾਦ ਭੱਟੀ ਵੱਲੋਂ ਭੇਜੇ ਡਰੋਨ ਤੇ ਹੈਰੋਇਨ ਵੀ ਸ਼ਾਮਲ ਹੈ । ਭੁਪਿੰਦਰ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਪੁਲਿਸ ਨੇ ਦੋ ਪ੍ਰਮੁੱਖ ਮੁਹਿੰਮਾਂ ‘‘ਯੁੱਧ ਨਸ਼ਿਆਂ ਵਿਰੁੱਧ’’ ਅਤੇ ‘‘ਗੈਂਗਸਟਰਾਂ ‘ ਤੇ ਵਾਰ’’ ਤਹਿਤ ਕਾਰਵਾਈ ਕਰਦਿਆਂ ਕਈ ਵੱਡੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ।
ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਨੇ 10 ਮੁਕੱਦਮੇ ਦਰਜ ਕਰਕੇ 15 ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 21 ਕਿੱਲੋ 343 ਗ੍ਰਾਮ, ਆਈਸੀਈ ਡਰੱਗ 521 ਗ੍ਰਾਮ, ਅਫੀਮ 1 ਕਿੱਲੋ, 2 ਡਰੋਨ, 7 ਮੋਬਾਈਲ ਫੋਨ ਅਤੇ 34 ਸਿਮ ਕਾਰਡ, 3 ਮੋਟਰਸਾਈਕਲ, 1 ਪਿਸਟਲ ਗਲੋਕ ਅਤੇ 02 ਜਿੰਦਾ ਰੌਂਦ ਬਰਾਮਦ ਕੀਤੇ ਹਨ। ਥਾਣਾ ਸਿਟੀ ਫਿਰੋਜ਼ਪੁਰ ਨੇ ਸੌਰਵ ਅਤੇ ਵੰਸ਼ ਨਾਮੀ ਤਸਕਰਾਂ ਤੋਂ 5 ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੀਆਈਏ ਫਿਰੋਜ਼ਪੁਰ ਨੇ ਰਾਵਲ ਸਿੰਘ ਉਰਫ ਚਾਂਦੀ ਤੋਂ 5 ਕਿੱਲੋ 566 ਗ੍ਰਾਮ ਹੈਰੋਇਨ ਅਤੇ 34 ਸਿਮ ਕਾਰਡ ਬਰਾਮਦ ਕੀਤੇ।
ਥਾਣਾ ਮੱਲਾਂਵਾਲਾ ਨੇ ਖੇਤਾਂ ਵਿੱਚੋਂ 6 ਕਿੱਲੋ 930 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ 7 ਮਾਮਲਿਆਂ ਵਿਚ 08 ਅਪਰਾਧੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਪਿਸਟਲ ਗਲੋਕ 9 ਐੱਮਐੱਮ ਸਮੇਤ 7 ਮੈਗਜ਼ੀਨ ਅਤੇ 23 ਰੌਂਦ, 02 ਪਿਸਟਲ 32 ਬੋਰ ਅਤੇ 1 ਪਿਸਟਲ 30 ਬੋਰ ਅਤੇ ਕੁੱਲ 11 ਮੈਗਜ਼ੀਨ ਅਤੇ 26 ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 13 ਮੋਟਰਸਾਈਕਲ ਚੋਰੀ-ਸ਼ੁਦਾ, 16 ਮੋਬਾਈਲ ਫੋਨ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਹਨ। ਸਵਰਨ ਕੌਰ ਅਤੇ ਗੁਰਵਿੰਦਰ ਸਿੰਘ ਨੂੰ ਥਾਣਾ ਸਦਰ ਫਿਰੋਜ਼ਪੁਰ ਦੀ ਟੀਮ ਨੇ 2 ਗਲੋਕ ਪਿਸਟਲ ਅਤੇ ਭਾਰੀ ਮਾਤਰਾ ਵਿਚ ਗੋਲੀ-ਸਿੱਕੇ ਸਮੇਤ ਗ੍ਰਿਫਤਾਰ ਕੀਤਾ। ਥਾਣਾ ਸਿਟੀ ਅਤੇ ਕੈਂਟ ਪੁਲਿਸ ਨੇ ਚੋਰੀ ਦੇ 11 ਮੋਟਰਸਾਈਕਲ ਅਤੇ ਮੋਬਾਇਲ ਫੋਨਾਂ ਸਮੇਤ ਕਈ ਦੋਸ਼ੀਅਨ ਨੂੰ ਕਾਬੂ ਕੀਤਾ।
ਪੁਲਿਸ ਦੀ ਘੱਟ ਨਫ਼ਰੀ , ਬਾਰਡਰੋਂ ਅੰਦਰ ਆਉਂਦੇ ਡਰੋਨ ਤੇ ਹਥਿਆਰਾਂ ਨਾਲ ਡੀਲ ਕਰਦੀਆਂ ਔਰਤਾਂ ਖਤਰੇ ਦੀ ਘੰਟੀ
ਜ਼ਿਲ੍ਹਾ ਪੁਲਿਸ ਮੁਖੀ ਭੂਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਰਾਮਦ 34 ਸਿਮ ਕਾਰਡਾਂ ਵਿੱਚੋਂ ਜ਼ਿਆਦਾਤਰ ਤੋਂ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਵੀ ਗੱਲਬਾਤ ਹੋਈ ਹੈ। ਇਸੇ ਤਰਾਂ ਪੁਲਿਸ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਥਾਣਾ ਸਦਰ ਵਿੱਚ ਦਰਜ ਮੁਕੱਦਮਾ ਨੰਬਰ 126 ਵਿੱਚ ‘ 540 ਗ੍ਰਾਮ ਹੈਰੋਇਨ ਸਮੇਤ ਬਰਾਮਦ ਪਾਕਿਸਤਾਨੋਂ ਆਇਆ ਡਰੋਨ ’ ਮਸ਼ਹੂਰ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਵੱਲੋਂ ਭੇਜਿਆ ਸੀ ।
ਪੁਲਿਸ ਮੁਖੀ ਨੇ ਕ੍ਰਾਈਮ ਵਿਚ ਵੱਧ ਰਹੀ ਮਹਿਲਾਵਾਂ ਦੀ ਸ਼ਮੂਲੀਅਤ ’ਤੇ ਵੀ ਚਿੰਤਾ ਜਤਾਉਂਦਿਆਂ ਦੱਸਿਆ ਕਿ ਥਾਣਾ ਸਦਰ ਵਿਖੇ ਦਰਜ ਮੁਕੱਦਮਾ ਨੰਬਰ 127 ਦੀ ਮੁੱਖ ਮੁਲਜ਼ਮ ਸਵਰਨ ਕੌਰ ਨਾਂਅ ਦੀ ਇਕ ਔਰਤ ਹੈ ਜੋ ਜੇਲ੍ਹ ਅੰਦਰ ਬੈਠੇ ਆਪਣੇ ਲੜਕੇ ਗੁਰਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕੰਮ ਕਰ ਰਹੀ ਸੀ ਅਤੇ 2 ਗਲੌਕ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤੀ ਸੀ। ਇਸੇ ਤਰ੍ਹਾਂ ਹਿੰਦ ਪਾਕਿ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਅੰਦਰ ਪਿੰਡ ਕੋਹਾਲਾ ਕੋਲ ਕ੍ਰੈਸ਼ ਲੈਂਡਿੰਗ ਕੀਤੇ ਪਾਕਿਸਤਾਨੀ ਡਰੋਨ ਕਾਰਣ ਵੀ ਜਿਥੇ ਚਿੰਤਾ ਕਾਫੀ ਵਧੀ ਹੈ,ਉਥੇ ਬੀਐਸਐਫ ਦੇ ਐਂਟੀ ਡਰੋਨ ਸਿਸਟਮ
ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ ਹੈ।