ਫਿਰੋਜ਼ਪੁਰ ਦੀਆਂ ਧੀਆਂ ਦਾ ਅੱਠਵੀਂ ਦੇ ਨਤੀਜਿਆਂ ’ਚ ਸ਼ਨਦਾਰ ਪ੍ਰਦਰਸ਼ਨ
ਫਿਰੋਜ਼ਪੁਰ ਦੀਆਂ ਧੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਕੀਤਾ ਸ਼ਨਦਾਰ ਪ੍ਰਦਰਸ਼ਨ
Publish Date: Sat, 11 Apr 2026 06:09 PM (IST)
Updated Date: Sat, 11 Apr 2026 06:11 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਸੂਬੇ ਦੀ ਮੈਰਿਟ ਸੂਚੀ ਵਿਚ ਉੱਚੇ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਾਰ ਦੇ ਨਤੀਜਿਆਂ ਵਿਚ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਵਿਦਿਆਰਥਣ ਸਿਮਰਵੀਰ ਕੌਰ ਨੇ ਕਮਾਲ ਕਰਦਿਆਂ 600 ਵਿੱਚੋਂ 596 ਅੰਕ ਪ੍ਰਾਪਤ ਕੀਤੇ ਹਨ। 99.33 ਪ੍ਰਤੀਸ਼ਤ ਅੰਕਾਂ ਦੇ ਨਾਲ ਸਿਮਰਵੀਰ ਨੇ ਸੂਬੇ ਭਰ ਦੀ ਮੈਰਿਟ ਸੂਚੀ ਵਿਚ ਚੌਥਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਦੀ ਇਸ ਸਫਲਤਾ ’ਤੇ ਸਕੂਲ ਪ੍ਰਬੰਧਕਾਂ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਦਾ ਪ੍ਰਦਰਸ਼ਨ ’ਚ ਜਸਦੀਪ ਕੌਰ ਸਰਕਾਰੀ ਹਾਈ ਸਕੂਲ ਮਨਸੂਰਦੇਵਾ ਨੇ 592 ਅੰਕਾਂ 98.67 ਨਾਲ ਸੂਬੇ ਵਿੱਚੋਂ 8ਵਾਂ ਰੈਂਕ ਹਾਸਲ ਕੀਤਾ। ਜਸਮੀਤ ਕੌਰ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਨੇ 591 ਅੰਕਾਂ 98.50 ਪ੍ਰਤੀਸ਼ਤ ਨਾਲ 9ਵਾਂ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਰਾਜਦੀਪ ਕੌਰ ਸਰਕਾਰੀ ਹਾਈ ਸਕੂਲ ਸਰੀਮ ਵਾਲਾ ਬਰਾੜ ਨੇ 589 ਅੰਕਾਂ 98.17 ਪ੍ਰਤੀਸ਼ਤ ਨਾਲ ਮੈਰਿਟ ਵਿਚ 11ਵਾਂ ਸਥਾਨ ਪ੍ਰਾਪਤ ਕੀਤਾ ਅਤੇ ਅਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਨੇ 585 ਅੰਕਾਂ 97.50 ਪ੍ਰਤੀਸ਼ਤ ਦੇ ਨਾਲ 15ਵੇਂ ਸਥਾਨ ’ਤੇ ਰਹੀ। ਇਨ੍ਹਾਂ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਮੌਕਾ ਮਿਲੇ ਤਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਧੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ। ਮੈਰਿਟ ਵਿਚ ਆਉਣ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਦੀ ਸਪੋਰਟ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ। ਸ਼੍ਰੀਮਤੀ ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਫਿਰੋਜ਼ਪੁਰ ਦੇ ਸਿੱਖਿਆ ਪੱਧਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਹ ਨਤੀਜਾ ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ ਇੰਨੇ ਉੱਚੇ ਰੈਂਕ ਹਾਸਲ ਕਰਨਾ ਇਕ ਵੱਡੀ ਪ੍ਰਾਪਤੀ ਹੈ।