ਫਿਰੋਜ਼ਪੁਰ ਮੰਡਲ ਵੱਲੋਂ ਵਿਸ਼ੇਸ਼ ਸਫ਼ਾਈ ਤੇ ਕੂੜਾ ਪ੍ਰਬੰਧਨ ਮੁਹਿੰਮ ਦੀ ਸ਼ੁਰੂਆਤ
ਫਿਰੋਜ਼ਪੁਰ ਮੰਡਲ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ’ ਤਹਿਤ ਵਿਸ਼ੇਸ਼ ਸਫ਼ਾਈ ਅਤੇ ਕੂੜਾ ਪ੍ਰਬੰਧਨ ਮੁਹਿੰਮ ਦੀ ਸ਼ੁਰੂਆਤ
Publish Date: Fri, 22 May 2026 04:34 PM (IST)
Updated Date: Fri, 22 May 2026 04:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ’ ਨੂੰ ਸਮਰਪਿਤ ਇਕ ਵਿਸ਼ੇਸ਼ ਜਾਗਰੂਕਤਾ ਅਤੇ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਟੇਸ਼ਨਾਂ ਨੂੰ ਸਾਫ਼-ਸੁਥਰਾ ਤੇ ਪਲਾਸਟਿਕ ਮੁਕਤ ਬਣਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਫਿਰੋਜ਼ਪੁਰ ਮੰਡਲ ਵੱਲੋਂ 15 ਮਈ ਤੋਂ 5 ਜੂਨ ਤੱਕ ਚੱਲਣ ਵਾਲੀ ‘ਵਿਸ਼ਵ ਵਾਤਾਵਰਣ ਦਿਵਸ’ ਮੁਹਿੰਮ ਦੇ ਅੰਤਰਗਤ ਵੱਖ-ਵੱਖ ਲੋਕ-ਜਾਗਰੂਕਤਾ ਅਤੇ ਸਫ਼ਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ 19 ਮਈ ਤੋਂ 21 ਮਈ ਤੱਕ ਇਕ ਵਿਸ਼ੇਸ਼ ‘ਸਫ਼ਾਈ ਅਤੇ ਕੂੜਾ ਪ੍ਰਬੰਧਨ ਮੁਹਿੰਮ’ ਚਲਾਈ ਗਈ। ਇਸ ਮੁਹਿੰਮ ਦੇ ਅਧੀਨ ਰੇਲਵੇ ਸਟੇਸ਼ਨਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾ ਕੇ ਕੰਮ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦੌਰਾਨ ਯਾਤਰੀਆਂ ਨੂੰ ਕੂੜੇ ਦੇ ਸਹੀ ਨਿਪਟਾਰੇ, ਸਾਫ਼-ਸਫ਼ਾਈ ਅਤੇ ਪਲਾਸਟਿਕ ਮੁਕਤ ਵਾਤਾਵਰਣ ਸਿਰਜਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ’ਤੇ ਕੂੜੇ ਨੂੰ ਵੱਖ-ਵੱਖ ਕਰਨ ਲਈ ਵਿਸ਼ੇਸ਼ ਡਸਟਬਿਨ ਲਗਾਏ ਗਏ ਹਨ, ਤਾਂ ਜੋ ਯਾਤਰੀ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖੋ-ਵੱਖਰੇ ਡੱਬਿਆਂ ਵਿਚ ਪਾ ਕੇ ਇਸ ਦਾ ਉਚਿਤ ਨਿਪਟਾਰਾ ਕਰ ਸਕਣ। ਲੋਕਾਂ ਵਿਚ ਵਾਤਾਵਰਣ ਪ੍ਰਤੀ ਚੇਤਨਾ ਵਧਾਉਣ ਦੇ ਉਦੇਸ਼ ਨਾਲ ਸਟੇਸ਼ਨਾਂ ’ਤੇ ਬੈਨਰ, ਪੋਸਟਰ ਅਤੇ ਪੈਂਫਲਿਟਾਂ ਰਾਹੀਂ ਵੱਡੇ ਪੱਧਰ ’ਤੇ ਪ੍ਰਚਾਰ-ਪ੍ਰਸਾਰ ਵੀ ਕੀਤਾ ਜਾ ਰਿਹਾ ਹੈ। ਸਟੇਸ਼ਨਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚਲਾਈ ਗਈ ਇਸ ਵਿਸ਼ੇਸ਼ ਸਫ਼ਾਈ ਮੁਹਿੰਮ ਵਿਚ ਵਾਤਾਵਰਣ ਅਤੇ ਹਾਊਸਕੀਪਿੰਗ ਪ੍ਰਬੰਧਨ, ਇੰਜੀਨੀਅਰਿੰਗ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ, ਸਫ਼ਾਈ ਵਿਵਸਥਾ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਸਮਾਜ ਸੇਵੀ ਸੰਸਥਾਵਾਂਨੂੰ ਵੀ ਇਸ ਮੁਹਿੰਮ ਨਾਲ ਵਿਸ਼ੇਸ਼ ਤੌਰ ’ਤੇ ਜੋੜਿਆ ਜਾ ਰਿਹਾ ਹੈ। 21 ਮਈ ਨੂੰ ਪਲਾਸਟਿਕ ਮੁਕਤ ਤੇ ਵਾਤਾਵਰਣ ਪੱਖੀ ਬਰਤਨਾਂ (ਕਟਲਰੀ) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਰੇਲਵੇ ਸਟੇਸ਼ਨਾਂ ’ਤੇ ਸਥਿਤ ਖਾਣ-ਪੀਣ ਦੇ ਸਟਾਲਾਂ, ਵੈਂਡਰਾਂ ਅਤੇ ਪੈਂਟਰੀ ਕਾਰਾਂ ’ਚ ਬਾਇਓਡੀਗ੍ਰੇਡੇਬਲ (ਗਲਣਯੋਗ) ਤੇ ਗੈਰ-ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਕਰਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ। ਫਿਰੋਜ਼ਪੁਰ ਮੰਡਲ ਨੇ ਸਮੂਹ ਯਾਤਰੀਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਪਰਿਸਰ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਈ ਰੱਖਣ ਵਿਚ ਆਪਣਾ ਵੱਡਮੁੱਲਾ ਸਹਿਯੋਗ ਜ਼ਰੂਰ ਦੇਣ।