ਦੱਸਵੀਂ ਦੇ ਨਤੀਜਿਆਂ ’ਚੋਂ ਜ਼ਿਲ੍ਹਾ ਫਿਰੋਜ਼ਪੁਰ ਰਿਹਾ ਦੂਜੇ ਨੰਬਰ ’ਤੇ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੋਮਵਾਰ ਦੁਪਹਿਰ ਸਮੇਂ ਐਲਾਣੇ ਨਤੀਜਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀ 98.39 ਪ੍ਰਤੀਸ਼ਤ ਨਾਲ ਪੰਜਾਬ ਵਿੱਚੋਂ ਦੂਜੇ ਨੰਬਰ ’ਤੇ ਆਏ ਹਨ। 98.41 ਪ੍ਰਤੀਸ਼ਤ ਨਾਲ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਰਿਹਾ ਜਦਕਿ 97.99 ਪ੍ਰਤੀਸ਼ਤ ਨਾਲ ਪਠਾਨਕੋਟ ਤੀਜੇ ਨੰਬਰ ’ਤੇ ਰਿਹਾ । ਸੂਬਾ ਪੱਧਰੀ ਮੈਰਿਟ ਸੂਚੀ ਵਿਚ ਆਏ ਫਿਰੋਜ਼ਪੁਰ ਜ਼ਿਲ੍ਹੇ ਦੇ 12 ਵਿਦਿਆਰਥੀਆਂ ਵਿੱਚੋਂ 10 ਲੜਕੀਆਂ ਅਤੇ ਸਿਰਫ਼ 2 ਲੜਕੇ ਸ਼ਾਮਲ ਹਨ। ਕੁੱਲ 12 ਮੈਰਿਟ ਹੋਲਡਰਾਂ ਵਿੱਚੋਂ 8 ਵਿਦਿਆਰਥੀ ਨਿੱਜੀ ਸਕੂਲਾਂ ਨਾਲ ਸਬੰਧਤ ਹਨ, ਜਦਕਿ 4 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ। ਜ਼ਿਲ੍ਹੇ ਦੇ ਪਹਿਲੇ ਤਿੰਨ ਸਥਾਨਾਂ ਦੀ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਖੁਸ਼ਹਾਲ ਸਿੰਘ ਵਾਲਾ ‘ਰੱਖੜੀ’ ਦੇ ਵਿਦਿਆਰਥੀ ਬਲਕਰਨਜੀਤ ਸਿੰਘ ਨੇ 650 ਵਿੱਚੋਂ 639 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਪੰਜਾਬ ਭਰ ਦੀ ਮੈਰਿਟ ਸੂਚੀ ਵਿਚ 6ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਮਿਸਾਲ ਪੈਦਾ ਕੀਤੀ ਹੈ।ਇਸੇ ਤਰਾਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਜ਼ੀਰਾ ਦੀ ਵਿਦਿਆਰਥਣ ਅਸ਼ੀਸ਼ਦੀਪ ਕੋਰ ਨੇ 650 ਵਿੱਚੋਂ 634 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਦੂਜਾ ਅਤੇ ਪੰਜਾਬ ’ਚੋਂ 11 ਵਾਂ ਸਥਾਨ ਹਾਸਲ ਕੀਤਾ ਹੈ । ਜਦਕਿ ਇਸੇ ਸਕੂਲ ਦੀ ਸੁਖਮਨਦੀਪ ਕੋਰ ਨੇ 650 ਵਿੱਚੋਂ 633 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਤੀਜਾ ਅਤੇ ਪੰਜਾਬ ਵਿੱਚੋਂ 12 ਵਾਂ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਗੁਰੂ ਰਾਮ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਾਵਲਪੁਰ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਗੁਰਜੰਟ ਸਿੰਘ ਨੇ 650 ਵਿੱਚੋਂ 630 ਅੰਕ ਹਾਸਲ ਕੀਤੇ। ਜੈਸਮੀਨ ਨੇ ਪੰਜਾਬ ਭਰ ਵਿੱਚੋਂ 15ਵਾਂ ਅਤੇ ਜ਼ਿਲ੍ਹੇ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਸਾਲ ਦੇ ਨਤੀਜਿਆਂ ਦੀ ਮੈਰਿਟ ਵਿੱਚ ਭਾਵੇਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਜ਼ਿਆਦਾ ਰਹੇ ਪਰ ਸਰਕਾਰੀ ਸਕੂਲਾਂ ਨੇ ਵੀ ਆਪਣੀ ਚੰਗੀ ਕਾਰਗੁਜਾਰੀ ਦਰਜ ਕਰਵਾਈ ਹੈ। 12 ਵਿੱਚੋਂ 8 ਵਿਦਿਆਰਥੀ ਜੇ ਪ੍ਰਾਈਵੇਟ ਅਦਾਰਿਆਂ ਦੇ ਹਨ, ਉੱਥੇ ਹੀ ਸਰਕਾਰੀ ਸਕੂਲਾਂ ਦੀਆਂ 4 ਹੋਣਹਾਰ ਧੀਆਂ ਨੇ ਵੀ ਸੂਬਾ ਪੱਧਰੀ ਸੂਚੀ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਵਿਦਿਆਰਥੀਆਂ ਦੇ ਘਰਾਂ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਲੱਡੂ ਵੰਡ ਕੇ ਜਸ਼ਨ ਮਨਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਮਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਨੇ ਪਾਸ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਦੂਜਾ ਅਤੇ ਤੀਜਾ ਸਥਾਨ ਸਕਰਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਹੀ ਹਾਸਲ ਕੀਤਾ ਹੈ। ਇਸੇ ਤਰਾਂ ਪੰਜਾਬ ਵਿੱਚੋਂ 11ਵਾਂ ਅਤੇ 12ਵਾਂ ਸਥਾਨ ਹਾਸਲ ਕੀਤਾ ਹੈ।