ਪੁਲਿਸ ਨੇ ਬੀਤੇ ਦਿਨ ਵੱਖ ਵੱਖ ਥਾਵਾਂ ਤੋਂ ਕਰੀਬ ਪੌਣੇ ਅੱਠ ਕਿਲੋ ਹੈਰੋਇਨ, ਤਿੰਨ ਪਿਸਤੌਲ ,ਇਕ ਪਿੱਕ ਅੱਪ, ਇਕ ਸਵਿਫਟ ਕਾਰ ,ਦੋ ਮੋਟਰਸਾਈਕਲ ਅਤੇ ਹੋਰ ਸਮੱਗਰੀ ਸਮੇਤ 7 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਦਿਆਂ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਮਾਮਲਾ ਕੀਤਾ ਹੈ।
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੀ ਅਗੁਵਾਈ ਵਿਚ ਫਿਰੋਜ਼ਪੁਰ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਦਾ ਐਲਾਣ ਕੀਤਾ ਹੋਇਆ ਹੈ। ਇਸ ਸਿਲਸਿਲੇ ਵਿਚ ਪੁਲਿਸ ਨੇ ਬੀਤੇ ਦਿਨ ਵੱਖ ਵੱਖ ਥਾਵਾਂ ਤੋਂ ਕਰੀਬ ਪੌਣੇ ਅੱਠ ਕਿਲੋ ਹੈਰੋਇਨ, ਤਿੰਨ ਪਿਸਤੌਲ ,ਇਕ ਪਿੱਕ ਅੱਪ, ਇਕ ਸਵਿਫਟ ਕਾਰ ,ਦੋ ਮੋਟਰਸਾਈਕਲ ਅਤੇ ਹੋਰ ਸਮੱਗਰੀ ਸਮੇਤ 7 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਦਿਆਂ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਮਾਮਲਾ ਕੀਤਾ ਹੈ। ਇਹ ਹੈਰੋਇਨ ਤਸਕਰਾਂ ਵੱਲੋਂ ਪਾਕਿਸਤਾਨੋਂ ਮੰਗਵਾਈ ਗਈ ਸੀ। ਜ਼ਿਲ੍ਹਾ ਪੁਲਿਸ ਦੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਬੀਤੇ 1 ਮਾਰਚ ਤੋਂ ਸਤੰਬਰ ਤੱਕ ਪੁਲਿਸ ਵੱਲੋਂ 207 ਕਿਲੋ ਤੋਂ ਵੀ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ।
ਪਟਿਆਲੇ ਤੋਂ ਸਬਜ਼ੀ ਦੀ ਆੜ ’ਚ ਲੈ ਕੇ ਜਾਂਦਾ ਸੀ ਹੈਰੋਇਨ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸੀਆਈ ਏ ਸਟਾਫ ਥਾਣੇ ਦੇ ਇੰਸਪੈਕਟਰ ਮੋਹਿਤ ਧਵਨ ਨੂੰ ਖ਼ਬਰੀ ਤੋਂ ਇਤਲਾਹ ਮਿਲੀ ਕਿ ਕ੍ਰਿਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਿਆਲ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਕੋਲ ਢੋਆ ਢੁਆਈ ਵਾਲੀ ਇਕ ਗੱਡੀ ਮਹਿੰਦਰਾ ਪਿੱਕਅੱਪ ਨੰਬਰ ਪੀਬੀ 13 ਬੀਐੱਨ 0849 ਹੈ, ਜਿਸ ਰਾਹੀਂ ਉਹ ਫਿਰੋਜ਼ਪੁਰ ਏਰੀਆ ਤੋਂ ਸਬਜ਼ੀ ਦੀ ਆੜ ਵਿਚ ਹੈਰੋਇਨ ਲਿਜਾ ਕੇ ਆਪਣੇ ਏਰੀਆ ਵਿਚ ਸਪਲਾਈ ਕਰਦਾ ਹੈ। ਇਸ ’ਤੇ ਸੀਆਈਏ ਦੀ ਟੀਮ ਨੇ ਨਾਕਾਬੰਦੀ ਕਰਕੇ ਕ੍ਰਿਸ਼ਨ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਆਪਣੀ ਗੱਡੀ ਵਿਚ ਹੈਰੋਇਨ ਲੈ ਕੇ ਦੁਲਚੀ ਕੇ ਰੋਡ ਰਾਹੀਂ ਵਾਪਸ ਆ ਰਿਹਾ ਸੀ । ਪੁਲਿਸ ਨੇ ੳਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5 ਕਿਲੋ 225 ਗ੍ਰਾਮ ਹੈਰੋਇਨ, ਇਕ ਗੱਡੀ ਮਹਿੰਦਰਾ ਅਤੇ ਇਕ ਮੋਬਾਇਲ ਫੋਨ ਵੀਵੋ ਬਰਾਮਦ ਕੀਤਾ।
ਹੂਸੈਨੀਵਾਲਾ ਤੋਂ ਸ਼ਹਿਰ ਨੂੰ ਆਉਂਦੇ ਦੋ ਤਸਕਰਾਂ ਤੋਂ ਇਕ ਕਿਲੋ 9 ਗ੍ਰਾਮ ਹੈਰੋਇਨ ਬਰਾਮਦ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੀ ਐੱਸਆਈ ਪਰਮਜੀਤ ਕੌਰ ਨੇ ਦੌਰਾਨੇ ਗਸ਼ਤ ਖ਼ਬਰੀ ਤੋਂ ਇਤਲਾਹ ਮਿਲੀ ਇਤਲਾਹ ’ਤੇ ਕੰਮ ਕਰਦਿਆਂ ਹੂਸੈਨੀਵਾਲਾ ਤੋਂ ਵਾਇਆ ਕੁੰਡੇ ਸ਼ਹਿਰ ਨੂੰ ਆ ਰਹੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਕਿਲੋ 9 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।ਫੜੇ ਗਏ ਦੋਵਾਂ ਦੀ ਪਛਾਣ ਕਮਲ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਅਤੇ ਰਾਹੁਲ ਪੁੱਤਰ ਸੋਨੂੰ ਵਾਸੀ ਪਿੰਡ ਇੱਛੇ ਵਾਲਾ ਥਾਣਾ ਸਦਰ ਵਜੋਂ ਹੋਈ ਹੈ । ਪੁਲਿਸ ਅਨੁਸਾਰ ਇਹ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਕਰਦੇ ਸਨ।
ਹੂਸੈਨੀਵਾਲਾ ਹੈਡ ਤੋਂ ਡੇਢ ਕਿਲੋਂ ਹੈਰੋਇਨ ਸਮੇਤ ਇਕ ਗ੍ਰਿਫਤਾਰ ,ਇਕ ਫਰਾਰ
ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸੀ ਤਾਂ 5 ਮਦਰਾਸ ਆਰਮੀ ਵੱਲੋਂ ਲੱਗੇ ਹੁਸੈਨੀਵਾਲਾ ਹੈੱਡ ਨਾਕਾ ਤੋਂ ਇਕ ਫੋਨ ਆਇਆ ਕਿ ਇਕ ਵਿਅਕਤੀ 3 ਪੈਕੇਟ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਸੁਖਬੀਰ ਸਿੰਘ ਜਦੋਂ ਸਾਥੀ ਕਰਮਚਾਰੀਆਂ ਦੇ ਨਾਲ ਹੁਸੈਨੀਵਾਲਾ ਹੈੱਡ ਨਾਕਾ ’ਤੇ ਪੁੱਜਿਆ ਤਾਂ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਂਅ ਰੋਹਿਤ ਕੁਮਾਰ ਪੁੱਤਰ ਸੰਜੇ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਦੱਸਿਆ ਤੇ ਇਕ ਵਿਅਕਤੀ ਮੋਟਰਸਾਈਕਲ ਸਮੇਤ ਇਕ ਪੈਕੇਟ ਹੈਰੋਇਨ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਜਿਸ ਦਾ ਨਾਮ ਉਸ ਨੇ ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਦੱਸਿਆ।
ਪੁਲਿਸ ਨੇ ਦੱਸਿਆ ਕਿ 3 ਪੈਕੇਟ ਹੈਰੋਇਨ ਨੂੰ ਖੋਲ੍ਹ ਕੇ ਉਸ ਦਾ ਵਜ਼ਨ ਕਰਨ ’ਤੇ ਉਨ੍ਹਾਂ ਪੈਕੇਟਾਂ ’ਚ 1 ਕਿਲੋ 542 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰਕੇ ਤਸਕਰਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਥੋਂ ਲਿਆਂਦੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਹੈ।