ਫਾਜ਼ਿਲਕਾ ਦੀ ਧੀ ਅਮਾਨਤ ਕਮਬੋਜ ਨੇ ਹਾਂਗਕਾਂਗ 'ਚ ਗੱਡੇ ਝੰਡੇ, ਏਸ਼ੀਆਈ ਚੈਂਪੀਅਨਸ਼ਿਪ ਦੇ ਡਿਸਕਸ ਥਰੋ 'ਚ ਜਿੱਤਿਆ ਸੋਨ ਤਗਮਾ
ਅਮਾਨਤ ਕਮਬੋਜ ਨੇ ਮੁਕਾਬਲੇ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣੇ ਪ੍ਰਤੀਸਪਰਧੀਆਂ ਨੂੰ ਪਿੱਛੇ ਛੱਡ ਦਿੱਤਾ ਅਤੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉਸਦੀ ਇਸ ਕਾਮਯਾਬੀ ਤੋਂ ਬਾਅਦ ਖੇਡ ਪ੍ਰੇਮੀਆਂ, ਸਮਾਜਿਕ ਸੰਸਥਾਵਾਂ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Publish Date: Sat, 30 May 2026 10:20 AM (IST)
Updated Date: Sat, 30 May 2026 10:24 AM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ: ਫਾਜ਼ਿਲਕਾ ਦੇ ਰਹਿਣ ਵਾਲੇ ਆਰਪੀਐਫ' ਚ ਤੈਨਾਤ ਹੈੱਡ ਕਾਂਸਟੇਬਲ ਹਾਕਮ ਚੰਦ ਦੀ ਧੀ ਅਮਾਨਤ ਕਮਬੋਜ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਾਂਗਕਾਂਗ ਵਿਖੇ ਹੋਈ ਏਸ਼ੀਆਈ ਚੈਂਪੀਅਨਸ਼ਿਪ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਦੇਸ਼, ਪੰਜਾਬ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਅਮਾਨਤ ਦੀ ਇਸ ਵੱਡੀ ਉਪਲਬਧੀ ਨਾਲ ਇਲਾਕੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਅਮਾਨਤ ਕਮਬੋਜ ਨੇ ਮੁਕਾਬਲੇ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣੇ ਪ੍ਰਤੀਸਪਰਧੀਆਂ ਨੂੰ ਪਿੱਛੇ ਛੱਡ ਦਿੱਤਾ ਅਤੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉਸਦੀ ਇਸ ਕਾਮਯਾਬੀ ਤੋਂ ਬਾਅਦ ਖੇਡ ਪ੍ਰੇਮੀਆਂ, ਸਮਾਜਿਕ ਸੰਸਥਾਵਾਂ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਅਮਾਨਤ ਦੇ ਪਿਤਾ ਹਾਕਮ ਚੰਦ, ਜੋ ਕਿ ਆਰਪੀਐਫ ਫਿਰੋਜ਼ਪੁਰ ਮੰਡਲ ਵਿੱਚ ਹੈੱਡ ਕਾਂਸਟੇਬਲ ਵਜੋਂ ਸੇਵਾ ਨਿਭਾ ਰਹੇ ਹਨ, ਨੇ ਧੀ ਦੀ ਇਸ ਸਫਲਤਾ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਇਹ ਮਕਾਮ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਾਨਤ ਬਚਪਨ ਤੋਂ ਹੀ ਖੇਡਾਂ ਪ੍ਰਤੀ ਰੁਝਾਨ ਰੱਖਦੀ ਸੀ ਅਤੇ ਉਸਨੇ ਆਪਣੀ ਲਗਨ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।
ਇਸ ਮੌਕੇ ਵੱਖ-ਵੱਖ ਖੇਡ ਸੰਸਥਾਵਾਂ ਅਤੇ ਇਲਾਕੇ ਦੇ ਲੋਕਾਂ ਨੇ ਅਮਾਨਤ ਕਮਬੋਜ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਸਦੀ ਇਹ ਜਿੱਤ ਹੋਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣੇਗੀ।