ਸਵੈ-ਗਣਨਾ ਵਿੱਚ ਫਾਜ਼ਿਲਕਾ ਪੰਜਾਬ ਭਰ ਵਿੱਚ ਦੂਜੇ ਸਥਾਨ ’ਤੇ
ਸਵੈ-ਗਣਨਾ ਵਿੱਚ ਫਾਜ਼ਿਲਕਾ ਪੰਜਾਬ ਭਰ ਵਿੱਚ ਦੂਜੇ ਸਥਾਨ ’ਤੇ
Publish Date: Wed, 20 May 2026 06:16 PM (IST)
Updated Date: Wed, 20 May 2026 06:19 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ,ਫਾਜ਼ਿਲਕਾ: ਡਿਜੀਟਲ ਜਨਗਣਨਾ-2027 ਤਹਿਤ 14 ਮਈ ਤੱਕ ਹੋਈ ਸਵੈ-ਗਣਨਾ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਅੰਦਰ ਕੁੱਲ 8239 ਲੋਕਾਂ ਵੱਲੋਂ ਆਪਣੀ ਜਾਣਕਾਰੀ ਅਤੇ 33 ਸਵਾਲਾਂ ਦੇ ਜਵਾਬਾਂ ਦੀਆਂ ਐਂਟਰੀਆਂ ਦਰਜ ਕਰਵਾਈਆਂ ਗਈਆਂ, ਜਿਸ ਨਾਲ ਫਾਜ਼ਿਲਕਾ ਨੂੰ ਇਹ ਮਾਣਯੋਗ ਸਥਾਨ ਪ੍ਰਾਪਤ ਹੋਇਆ। ਇਸ ਸੂਚੀ ਵਿੱਚ ਲੁਧਿਆਣਾ ਪਹਿਲੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੀਜੇ ਸਥਾਨ ’ਤੇ ਰਹੇ। ਡਿਪਟੀ ਕਮਿਸ਼ਨਰ ਫਾਜ਼ਿਲਕਾ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਅਮਰਪ੍ਰੀਤ ਕੌਰ ਸੰਧੂ ਨੇ ਇਸ ਪ੍ਰਾਪਤੀ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਕਾਰਨ ਹੀ ਇਹ ਸਫਲਤਾ ਸੰਭਵ ਹੋ ਸਕੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਡਿਜੀਟਲ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਚੱਲ ਰਹੇ ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਦੇ ਫੀਲਡ ਸਰਵੇਖਣ ਨੂੰ ਹੋਰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਘਰ-ਘਰ ਸਰਵੇਖਣ ਦਾ ਕੰਮ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 13 ਜੂਨ ਤੱਕ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਿਣਤੀਕਾਰਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ, ਤਾਂ ਜੋ ਸਰਕਾਰ ਲੋਕ ਭਲਾਈ ਯੋਜਨਾਵਾਂ ਅਤੇ ਨੀਤੀਆਂ ਤਿਆਰ ਕਰਨ ਲਈ ਸਹੀ ਡਾਟਾ ਪ੍ਰਾਪਤ ਕਰ ਸਕੇ। ਫੀਲਡ ਸਰਵੇਖਣ ਦੌਰਾਨ ਗਿਣਤੀਕਾਰਾਂ ਵੱਲੋਂ ਰਾਜ ਸਰਕਾਰ ਦੁਆਰਾ ਨਿਰਧਾਰਿਤ 33 ਸਵਾਲ ਪੁੱਛੇ ਜਾਣਗੇ। ਜਿਨ੍ਹਾਂ ਨਿਵਾਸੀਆਂ ਨੇ ਪਹਿਲਾਂ ਹੀ ਸਵੈ-ਗਣਨਾ ਰਾਹੀਂ ਆਪਣੇ ਵੇਰਵੇ ਜਮ੍ਹਾਂ ਕਰਵਾਏ ਹਨ, ਉਹਨਾਂ ਨੂੰ ਸਿਰਫ ਆਪਣਾ ਐਸਈ-ਆਈਡੀ ਗਿਣਤੀਕਾਰ ਨਾਲ ਸਾਂਝਾ ਕਰਨਾ ਹੋਵੇਗਾ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਗਿਣਤੀਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ਼ ਜਾਂ ਓਟੀਪੀ ਨਹੀਂ ਮੰਗਿਆ ਜਾਵੇਗਾ।