Fazilka News : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਜੱਦੀ ਪਿੰਡ ਜੈਮਲ ਵਾਲਾ ਪਹੁੰਚੇ, ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ
ਉਨ੍ਹਾਂ ਕਿਹਾ ਕਿ ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਸਗੋਂ ਲਗਾਤਾਰ ਅਭਿਆਸ ਅਤੇ ਮਜ਼ਬੂਤ ਇਰਾਦਿਆਂ ਨਾਲ ਹਾਸਲ ਹੁੰਦੀ ਹੈ। ਗਿੱਲ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਪੜ੍ਹਾਈ ਅਤੇ ਖੇਡ ਦੋਵਾਂ ਨੂੰ ਸੰਤੁਲਿਤ ਰੱਖਦਿਆਂ ਆਪਣੇ ਟੀਚੇ ਵੱਲ ਵਧਦੇ ਰਹਿਣ।
Publish Date: Sat, 28 Feb 2026 05:32 PM (IST)
Updated Date: Sat, 28 Feb 2026 05:36 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ,ਜਲਾਲਾਬਾਦ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅੱਜ ਆਪਣੇ ਪਿੰਡ ਜੈਮਲ ਵਾਲਾ ਪਹੁੰਚ ਗਏ। ਉਨ੍ਹਾਂ ਦੇ ਆਉਣ ਨਾਲ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਬੜੇ ਪਿਆਰ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਤੇ ਆਪਣੇ ਵਿਚਕਾਰ ਦੇਸ਼ ਦੇ ਕਪਤਾਨ ਨੂੰ ਦੇਖ ਕੇ ਮਾਣ ਮਹਿਸੂਸ ਕੀਤਾ।
ਇਸ ਮੌਕੇ ਸ਼ੁਭਮਨ ਗਿੱਲ ਨੇ ਪਿੰਡ ਦੇ ਬਜ਼ੁਰਗਾਂ ਤੋਂ ਅਸੀਸ ਲਈ ਅਤੇ ਨੌਜਵਾਨਾਂ ਤੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਖ਼ਾਸ ਤੌਰ 'ਤੇ ਕ੍ਰਿਕਟ ਸਿੱਖ ਰਹੇ ਬੱਚਿਆਂ ਨਾਲ ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਬਰ ਦੀ ਅਹਿਮੀਅਤ ਸਮਝਾਈ।
ਉਨ੍ਹਾਂ ਕਿਹਾ ਕਿ ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਸਗੋਂ ਲਗਾਤਾਰ ਅਭਿਆਸ ਅਤੇ ਮਜ਼ਬੂਤ ਇਰਾਦਿਆਂ ਨਾਲ ਹਾਸਲ ਹੁੰਦੀ ਹੈ। ਗਿੱਲ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਪੜ੍ਹਾਈ ਅਤੇ ਖੇਡ ਦੋਵਾਂ ਨੂੰ ਸੰਤੁਲਿਤ ਰੱਖਦਿਆਂ ਆਪਣੇ ਟੀਚੇ ਵੱਲ ਵਧਦੇ ਰਹਿਣ।
ਪਿੰਡ ਦੇ ਨੌਜਵਾਨਾਂ ਨੇ ਉਨ੍ਹਾਂ ਤੋਂ ਕ੍ਰਿਕਟ ਤਕਨੀਕ, ਫਿਟਨੈੱਸ ਅਤੇ ਮਾਨਸਿਕ ਮਜ਼ਬੂਤੀ ਨਾਲ ਜੁੜੇ ਸਵਾਲ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਵਿਸਥਾਰ ਨਾਲ ਜਵਾਬ ਦਿੱਤਾ। ਬੱਚਿਆਂ ਨੇ ਉਨ੍ਹਾਂ ਨਾਲ ਤਸਵੀਰਾਂ ਖਿੱਚਵੀਆਂ ਤੇ ਆਟੋਗ੍ਰਾਫ਼ ਲਏ।
ਪਿੰਡ ਵਾਸੀਆਂ ਨੇ ਕਿਹਾ ਕਿ ਸ਼ੁਭਮਨ ਗਿੱਲ ਦੀਆਂ ਪ੍ਰਾਪਤੀਆਂ ਸਾਰੇ ਇਲਾਕੇ ਲਈ ਪ੍ਰੇਰਨਾ ਹਨ ਅਤੇ ਉਨ੍ਹਾਂ ਦਾ ਪਿੰਡ ਆਉਣਾ ਨੌਜਵਾਨਾਂ ਲਈ ਨਵੀਂ ਊਰਜਾ ਲੈ ਕੇ ਆਇਆ ਹੈ। ਪਿੰਡ ਵਿੱਚ ਇਸ ਦੌਰੇ ਨੂੰ ਲੈ ਕੇ ਲੰਬੇ ਸਮੇਂ ਤੱਕ ਚਰਚਾ ਦਾ ਮਾਹੌਲ ਬਣਿਆ ਰਿਹਾ।