Fazilka News : ਜਲਾਲਾਬਾਦ ਦੇ ਪੰਕਜ ਮਲਹੋਤਰਾ ਦੀ ਲਾਸ਼ ਯਮੁਨਾ ਚੋਂ ਬਰਾਮਦ, ਪਰਿਵਾਰ 'ਚ ਸੋਗ ਦੀ ਲਹਿਰ
ਪੰਕਜ ਮਲਹੋਤਰਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਥੁਰਾ-ਵ੍ਰਿੰਦਾਵਨ ਦੀ ਯਾਤਰਾ ਤੇ ਗਏ ਹੋਏ ਸਨ। ਇਸ ਦੌਰਾਨ ਯਮੁਨਾ ਨਦੀ ਦੀ ਸੈਰ ਕਰਦੇ ਸਮੇਂ ਹੋਏ ਦਰਦਨਾਕ ਸਟੀਮਬੋਟ ਹਾਦਸੇ ਵਿੱਚ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਸਨ। ਹਾਦਸੇ ਤੋਂ ਬਾਅਦ ਸਥਾਨਕ ਗੋਤਾਖੋਰ ਅਤੇ ਬਚਾਅ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਸਨ, ਜਦਕਿ ਪਰਿਵਾਰਕ ਮੈਂਬਰ ਕਿਸੇ ਚਮਤਕਾਰ ਦੀ ਉਮੀਦ ਵਿੱਚ ਯਮੁਨਾ ਦੇ ਕੰਢੇ ਬੈਠੇ ਸਨ।
Publish Date: Thu, 16 Apr 2026 06:07 PM (IST)
Updated Date: Thu, 16 Apr 2026 06:10 PM (IST)
ਹੈਪੀ ਕਾਠਪਾਲ/ਬੰਪਲ ਭਠੇਜਾ. ਪੰਜਾਬੀ ਜਾਗਰਣ,ਜਲਾਲਾਬਾਦ: ਮਥੁਰਾ-ਵ੍ਰਿੰਦਾਵਨ ਦੇ ਦਰਸ਼ਨ ਕਰਨ ਗਏ ਜਲਾਲਾਬਾਦ ਦੇ ਮਲਹੋਤਰਾ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਸਟੀਮਬੋਟ ਹਾਦਸੇ ਤੋਂ ਬਾਅਦ ਲਾਪਤਾ ਹੋਏ ਪੰਕਜ ਮਲਹੋਤਰਾ ਦੀ ਲਾਸ਼ ਯਮੁਨਾ ਨਦੀ ਵਿੱਚੋਂ ਬਰਾਮਦ ਹੋਈ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਭਾਲ ਦਾ ਅੰਤ ਬੇਹੱਦ ਦੁਖਦਾਈ ਰਿਹਾ। ਜਾਣਕਾਰੀ ਮੁਤਾਬਕ ਪੰਕਜ ਦੀ ਲਾਸ਼ ਗੋਕੁਲ ਨੇੜੇ ਯਮੁਨਾ ਨਦੀ ਵਿੱਚ ਤੈਰਦੀ ਹੋਈ ਮਿਲੀ, ਜੋ ਕਿ ਹਾਦਸੇ ਵਾਲੀ ਥਾਂ ਤੋਂ ਕਰੀਬ 10 ਕਿਲੋਮੀਟਰ ਦੂਰ ਹੈ।
ਪੰਕਜ ਮਲਹੋਤਰਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਥੁਰਾ-ਵ੍ਰਿੰਦਾਵਨ ਦੀ ਯਾਤਰਾ ਤੇ ਗਏ ਹੋਏ ਸਨ। ਇਸ ਦੌਰਾਨ ਯਮੁਨਾ ਨਦੀ ਦੀ ਸੈਰ ਕਰਦੇ ਸਮੇਂ ਹੋਏ ਦਰਦਨਾਕ ਸਟੀਮਬੋਟ ਹਾਦਸੇ ਵਿੱਚ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਸਨ। ਹਾਦਸੇ ਤੋਂ ਬਾਅਦ ਸਥਾਨਕ ਗੋਤਾਖੋਰ ਅਤੇ ਬਚਾਅ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਸਨ, ਜਦਕਿ ਪਰਿਵਾਰਕ ਮੈਂਬਰ ਕਿਸੇ ਚਮਤਕਾਰ ਦੀ ਉਮੀਦ ਵਿੱਚ ਯਮੁਨਾ ਦੇ ਕੰਢੇ ਬੈਠੇ ਸਨ। ਲਾਸ਼ ਮਿਲਣ ਦੀ ਖ਼ਬਰ ਜਿਵੇਂ ਹੀ ਜਲਾਲਾਬਾਦ ਪਹੁੰਚੀ ਤਾਂ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਪਰਿਵਾਰਕ ਸੂਤਰਾਂ ਅਨੁਸਾਰ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਪੰਕਜ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਜਲਾਲਾਬਾਦ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਅੱਜ ਦੇਰ ਰਾਤ ਤੱਕ ਘਰ ਪਹੁੰਚਣ ਦੀ ਸੰਭਾਵਨਾ ਹੈ। ਪੰਕਜ ਦੀ ਬੇਵਕਤੀ ਮੌਤ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਤੋੜ ਦਿੱਤਾ ਹੈ, ਸਗੋਂ ਸ਼ਹਿਰ ਦੇ ਵਪਾਰਕ ਅਤੇ ਸਮਾਜਿਕ ਖੇਤਰਾਂ ਵਿੱਚ ਵੀ ਭਾਰੀ ਸੋਗ ਪਾਇਆ ਜਾ ਰਿਹਾ ਹੈ। ਪੰਕਜ ਨੂੰ ਇੱਕ ਮਿਲਣਸਾਰ ਅਤੇ ਧਾਰਮਿਕ ਸੁਭਾਅ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ।
ਮ੍ਰਿਤਕ ਪੰਕਜ ਮਲਹੋਤਰਾ ਦਾ ਅੰਤਿਮ ਸੰਸਕਾਰ ਭਲਕੇ ਸਥਾਨਕ ਸ਼ਮਸ਼ਾਨਘਾਟ ਵਿਖੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇਗਾ। ਇਸ ਦੁਖਦਾਈ ਘੜੀ ਵਿੱਚ ਸ਼ਹਿਰ ਵਾਸੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸੈਰ-ਸਪਾਟਾ ਸਥਾਨਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਪਰਿਵਾਰ ਆਪਣਾ ਚਿਰਾਗ ਨਾ ਗੁਆਵੇ।