Fazilka News : 7 ਰੁਪਏ ਦੀ ਟਿਕਟ ਨੇ ਬਣਾਇਆ ਕਰੋੜਪਤੀ, ਜਲਾਲਾਬਾਦ ਦੀ ਸ਼ਾਹ ਜੀ ਏਜੰਸੀ 'ਚ ਜਸ਼ਨ ਦਾ ਮਾਹੌਲ
ਏਜੰਸੀ ਦੇ ਸੰਚਾਲਕ ਮੁਕੇਸ਼ ਬਜਾਜ ਅਤੇ ਰਵੀ ਬਜਾਜ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਵੱਡੀ ਜਿੱਤ ਦੀ ਖ਼ਬਰ ਮਿਲੀ, ਦੁਕਾਨ ’ਤੇ ਖੁਸ਼ੀ ਦਾ ਮਾਹੌਲ ਬਣ ਗਿਆ। ਉਨ੍ਹਾਂ ਨੇ ਕੇਕ ਕੱਟ ਕੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ। ਆਸ-ਪਾਸ ਦੇ ਲੋਕ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਏ, ਜਿਸ ਨਾਲ ਇਲਾਕੇ ਵਿੱਚ ਤਿਉਹਾਰ ਵਰਗਾ ਮਾਹੌਲ ਬਣ ਗਿਆ।
Publish Date: Wed, 06 May 2026 07:21 PM (IST)
Updated Date: Wed, 06 May 2026 07:23 PM (IST)
ਹੈਪੀ ਕਾਠਪਾਲ, ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਥਾਨਕ ਸ਼ਾਹ ਜੀ ਲਾਟਰੀ ਏਜੰਸੀ ਤੋਂ ਵੇਚੀ ਗਈ ₹7 ਦੀ ਸਿੱਕਮ ਸਟੇਟ ਲਾਟਰੀ ਟਿਕਟ ’ਤੇ 1 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ। ਮਿਲੀ ਜਾਣਕਾਰੀ ਮੁਤਾਬਕ ਟਿਕਟ ਨੰਬਰ 80B 10379 ਨੇ ਇਹ ਵੱਡੀ ਰਕਮ ਜਿੱਤੀ ਹੈ।
ਏਜੰਸੀ ਦੇ ਸੰਚਾਲਕ ਮੁਕੇਸ਼ ਬਜਾਜ ਅਤੇ ਰਵੀ ਬਜਾਜ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਵੱਡੀ ਜਿੱਤ ਦੀ ਖ਼ਬਰ ਮਿਲੀ, ਦੁਕਾਨ ’ਤੇ ਖੁਸ਼ੀ ਦਾ ਮਾਹੌਲ ਬਣ ਗਿਆ। ਉਨ੍ਹਾਂ ਨੇ ਕੇਕ ਕੱਟ ਕੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ। ਆਸ-ਪਾਸ ਦੇ ਲੋਕ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਏ, ਜਿਸ ਨਾਲ ਇਲਾਕੇ ਵਿੱਚ ਤਿਉਹਾਰ ਵਰਗਾ ਮਾਹੌਲ ਬਣ ਗਿਆ।
ਹਾਲਾਂਕਿ ਇਸ ਵੱਡੀ ਜਿੱਤ ਦੇ ਬਾਵਜੂਦ ਜੇਤੂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਏਜੰਸੀ ਸੰਚਾਲਕਾਂ ਅਨੁਸਾਰ ਟਿਕਟ ਆਮ ਵਿਕਰੀ ਦੌਰਾਨ ਵੇਚੀ ਗਈ ਸੀ, ਇਸ ਲਈ ਇਹ ਨਹੀਂ ਪਤਾ ਲੱਗ ਸਕਿਆ ਕਿ ਇਸਨੂੰ ਕਿਸ ਵਿਅਕਤੀ ਨੇ ਖਰੀਦਿਆ ਸੀ।
ਜੇਤੂ ਦੀ ਭਾਲ ਲਈ ਏਜੰਸੀ ਵੱਲੋਂ ਵਿਲੱਖਣ ਤਰੀਕੇ ਨਾਲ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਦੁਕਾਨ ਦੇ ਬਾਹਰ ਢੋਲ ਵਜਾ ਕੇ ਐਲਾਨ ਕੀਤਾ ਜਾ ਰਿਹਾ ਹੈ ਕਿ ਜਿਸ ਕਿਸੇ ਕੋਲ ਵੀ ਜਿੱਤਣ ਵਾਲੀ ਟਿਕਟ ਹੋਵੇ, ਉਹ ਤੁਰੰਤ ਸੰਪਰਕ ਕਰੇ।
ਸੰਚਾਲਕਾਂ ਨੇ ਅਪੀਲ ਕੀਤੀ ਹੈ ਕਿ ਸਬੰਧਤ ਵਿਅਕਤੀ ਆਪਣੀ ਅਸਲ ਟਿਕਟ ਨਾਲ ਸੰਪਰਕ ਕਰੇ ਤਾਂ ਜੋ ਨਿਯਮਾਂ ਅਨੁਸਾਰ ਇਨਾਮੀ ਰਕਮ ਹਾਸਲ ਕੀਤੀ ਜਾ ਸਕੇ। ਇਸ ਵੇਲੇ ਪੂਰੇ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਖੁਸ਼ਕਿਸਮਤ ਜੇਤੂ ਦੇ ਸਾਹਮਣੇ ਆਉਣ ਦੀ ਉਡੀਕ ਕਰ ਰਹੇ ਹਨ।