ਭਿਆਨਕ ਗਰਮੀ ਦੀ ਚਪੇਟ ’ਚ ਜ਼ਿਲ੍ਹਾ ਫਾਜ਼ਿਲਕਾ 40 ਡਿਗਰੀ ਤੋਂ ਉਪਰ ਪਹੁੰਚਿਆ ਪਾਰਾ
ਭਿਆਨਕ ਗਰਮੀ ਦੀ ਚਪੇਟ ’ਚ ਜ਼ਿਲ੍ਹਾ ਫਾਜ਼ਿਲਕਾ 40 ਡਿਗਰੀ ਤੋਂ ਉਪਰ ਪਹੁੰਚਿਆ ਪਾਰਾ
Publish Date: Thu, 28 May 2026 05:25 PM (IST)
Updated Date: Fri, 29 May 2026 04:08 AM (IST)

ਨਵਜੋਤ ਸਿੰਘ, ਪੰਜਾਬੀ ਜਾਗਰਣ, ਫਾਜ਼ਿਲਕਾ : ਭਾਰਤ ਪਾਕਿ ਅਤੇ ਰਾਜਸਥਾਨ ਦੇ ਨਾਲ ਲੱਗਦਾ ਜ਼ਿਲ੍ਹਾ ਫਾਜ਼ਿਲਕਾ ਇਨ੍ਹਾਂ ਦਿਨਾਂ ਭਿਆਨਕ ਅਤੇ ਜਾਨਲੇਵਾ ਗਰਮੀ ਦੀ ਚਪੇਟ ਵਿੱਚ ਹਨ। ਅਸਮਾਨ ਤੋਂ ਵਰਸਦੀ ਅੱਗ ਅਤੇ ਤਪਦੀਆਂ ਗਰਮ ਹਵਾਵਾਂ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸ਼ਹਿਰ ਵਿੱਚ ਲਗਾਤਾਰ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਹਨ ਕਿ ਦੁਪਹਿਰ ਸਮੇਂ ਸੂਰਜ ਦੀ ਤਿੱਖੀ ਤਪਸ਼ ਕਾਰਨ ਮੁੱਖ ਸੜਕਾਂ ਅਤੇ ਬਾਜ਼ਾਰ ਸੁੰਨੇ ਨਜ਼ਰ ਆ ਰਹੇ ਹਨ। ਲੋਕ ਹੁਣ ਸਿਰਫ਼ ਮਾਨਸੂਨ ਜਾਂ ਪ੍ਰੀ-ਮਾਨਸੂਨ ਬਾਰਿਸ਼ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਭਿਆਨਕ ਗਰਮੀ ਤੋਂ ਰਾਹਤ ਮਿਲ ਸਕੇ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਵਾਰ ਦੀ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਬੋਹਰ ਦਾ ਮੌਸਮ ਇਸ ਵੇਲੇ ਰਾਜਸਥਾਨ ਦੇ ਰੇਗਿਸਤਾਨੀ ਇਲਾਕਿਆਂ ਵਰਗੀ ਤਪਸ਼ ਮਹਿਸੂਸ ਕਰਵਾ ਰਿਹਾ ਹੈ। ਲੋਕ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਮੂੰਹ ਢੱਕ ਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਦੁਪਹਿਰ ਸਮੇਂ ਵਪਾਰਕ ਗਤੀਵਿਧੀਆਂ ਵੀ ਲਗਭਗ ਠੱਪ ਹੋ ਚੁੱਕੀਆਂ ਹਨ। ਇਸ ਭਿਆਨਕ ਗਰਮੀ ਦਾ ਸਭ ਤੋਂ ਵੱਧ ਅਸਰ ਸਕੂਲੀ ਬੱਚਿਆਂ ’ਤੇ ਪੈ ਰਿਹਾ ਹੈ। ਗਰਮੀ ਦੇ ਬਾਵਜੂਦ ਸਕੂਲ ਖੁੱਲ੍ਹੇ ਹੋਣ ਕਾਰਨ ਛੁੱਟੀ ਸਮੇਂ ਬੱਚਿਆਂ ਨੂੰ ਤਪਦੀ ਧੁੱਪ ਅਤੇ ਲੂ ਵਿਚਕਾਰ ਘਰ ਵਾਪਸ ਜਾਣਾ ਪੈਂਦਾ ਹੈ। ਇਸ ਨਾਲ ਬੱਚਿਆਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਗਿਆ ਹੈ ਅਤੇ ਮਾਪੇ ਕਾਫ਼ੀ ਚਿੰਤਤ ਹਨ। ਹਾਲਾਂਕਿ 30 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਦੀ ਸੰਭਾਵਨਾ ਕਾਰਨ ਕੁਝ ਰਾਹਤ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਭਿਆਨਕ ਗਰਮੀ ਇਨਸਾਨਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ। ਪਿੰਡਾਂ ਵਿੱਚ ਵਾਟਰ ਵਰਕਸ ਅਤੇ ਖੇਤਾਂ ਵਿੱਚ ਬਣੀਆਂ ਡਿੱਗੀਆਂ ਦਾ ਪਾਣੀ ਤੱਕ ਗਰਮ ਹੋਣ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਮਰ ਰਹੀਆਂ ਹਨ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਪੰਛੀ ਹੀਟ ਸਟ੍ਰੋਕ ਕਾਰਨ ਅਸਮਾਨ ਤੋਂ ਡਿੱਗ ਕੇ ਮਰ ਰਹੇ ਹਨ। ਖੁੱਲ੍ਹੇ ਅਸਮਾਨ ਹੇਠ ਕੰਮ ਕਰਨ ਵਾਲੇ ਦਿਹਾੜੀ ਮਜ਼ਦੂਰਾਂ, ਰੇਹੜੀ ਚਾਲਕਾਂ ਅਤੇ ਡਿਲੀਵਰੀ ਬੁਆਏਜ਼ ਲਈ ਇਹ ਗਰਮੀ ਵੱਡੀ ਚੁਣੌਤੀ ਬਣ ਗਈ ਹੈ। 44 ਡਿਗਰੀ ਤਾਪਮਾਨ ਵਿੱਚ ਸਖ਼ਤ ਮਿਹਨਤ ਕਰਨਾ ਸਿਹਤ ਲਈ ਖਤਰਨਾਕ ਸਾਬਤ ਹੋ ਰਿਹਾ ਹੈ, ਪਰ ਰੋਜ਼ੀ-ਰੋਟੀ ਦੀ ਮਜ਼ਬੂਰੀ ਕਾਰਨ ਉਹ ਕੰਮ ਕਰਨ ਲਈ ਮਜਬੂਰ ਹਨ। ਗਰਮੀ ਤੋਂ ਤੁਰੰਤ ਰਾਹਤ ਲਈ ਲੋਕ ਠੰਢੇ ਪੇਅ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ। ਬਾਜ਼ਾਰਾਂ ਵਿੱਚ ਗੰਨੇ ਦਾ ਰਸ, ਲੱਸੀ, ਸ਼ਿਕੰਜਵੀ ਅਤੇ ਕੋਲਡ ਡ੍ਰਿੰਕ ਦੀਆਂ ਦੁਕਾਨਾਂ ਅਤੇ ਰੇਹੜੀਆਂ ’ਤੇ ਸਵੇਰੇ ਤੋਂ ਹੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਐਸਐਮਓ ਡਾ. ਏਰਿਕ ਦੀ ਲੋਕਾਂ ਨੂੰ ਅਪੀਲ ਸਿਵਲ ਹਸਪਤਾਲ ਫਾਜ਼ਿਲਕਾ ਦੇ ਐਸਐਮਓ ਡਾ. ਏਰਿਕਨੇ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਬਚਾਅ ਲਈ ਖਾਸ ਸਲਾਹ ਦਿੱਤੀ ਹੈ।ਉਨ੍ਹਾਂ ਕਿਹਾਕਿ ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਜ਼ਰੂਰੀ ਕੰਮ ਘਰ ਤੋਂ ਬਾਹਰ ਨਾ ਨਿਕਲੋ।ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ, ਵਾਰ-ਵਾਰ ਪਾਣੀ, ਨਿੰਬੂ ਪਾਣੀ ਜਾਂ ਓਆਰਐਸ ਪੀਓ।ਬਾਹਰ ਨਿਕਲਦੇ ਸਮੇਂ ਸਿਰ ਅਤੇ ਮੂੰਹ ਨੂੰ ਸੂਤੀ ਕਪੜੇ ਨਾਲ ਢੱਕ ਕੇ ਰੱਖੋ।ਖਾਲੀ ਪੇਟ ਧੁੱਪ ਵਿੱਚ ਨਾ ਜਾਓ ਅਤੇ ਚੱਕਰ ਜਾਂ ਉਲਟੀ ਆਉਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।