ਕੋਆਪਰੇਟਿਵ ਸੁਸਾਇਟੀਆਂ ਨਾਲ ਲੈਣ-ਦੇਣ ਨਾ ਹੋਣ ਤੋਂ ਕਿਸਾਨ ਪ੍ਰੇਸ਼ਾਨ
ਕੋਆਪਰੇਟਿਵ ਸੁਸਾਇਟੀਆਂ ਨਾਲ ਲੈਣ ਦੇਣ ਨਾ ਹੋਣ ਤੋਂ ਕਿਸਾਨ ਪ੍ਰੇਸ਼ਾਨ
Publish Date: Tue, 05 May 2026 05:36 PM (IST)
Updated Date: Tue, 05 May 2026 05:38 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵੱਖ-ਵੱਖ ਕਿਸਾਨ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਬੀਕੇਯੂ ਕਾਦੀਆਂ ਪੰਜਾਬ ਦੀ ਅਗਵਾਈ ਵਿੱਚ ਪਿੰਡ ਮੀਹਾਂ ਸਿੰਘ ਵਾਲਾ ਵਿਖੇ ਹੋਈ। ਇਸ ਮੌਕੇ ਬੋਲਦਿਆਂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਨੇ ਕੋਆਪਰੇਟਿਵ ਸੋਸਾਇਟੀਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜੇ ਦੀ ਰਕਮ ਜੋ ਕਿ ਪਹਿਲਾਂ 27 ਹਜ਼ਾਰ ਰੁਪਏ ਪ੍ਰਤੀ ਏਕੜ ਸੀ, ਉਹ ਵਧਾ ਕੇ ਹੁਣ 39 ਹਜ਼ਾਰ ਰੁਪਏ ਕਰ ਦਿੱਤੀ ਹੈ ,ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ ।ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਖਾਸ ਤੌਰ ਤੇ ਹੇਠਲੇ ਤਬਕੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਉਹ ਸਵਾਗਤ ਕਰਦੇ ਹਨ, ਪਰ ਇਸ ਫੈਸਲੇ ਨਾਲ ਇਸ ਸਮੇਂ ਕਿਸਾਨਾਂ ਨੂੰ ਇਕ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਜਿਸ ਦਾ ਸਰਕਾਰ ਨੂੰ ਫੌਰੀ ਤੌਰ ਤੇ ਹੱਲ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਬੈਂਕਾਂ ਵੱਲੋਂ ਕਿਸਾਨਾਂ ਨਾਲ ਲੈਣ ਦੇਣ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਣਕ ਚੁੱਕਣ ਤੋਂ ਬਾਅਦ ਆਪਣੇ ਪੈਸੇ ਕੋਆਪਰੇਟਿਵ ਬੈਂਕਾਂ ਵਿਚ ਜਮ੍ਹਾਂ ਕਰਵਾ ਦਿੱਤੇ, ਪਰ ਬੈਂਕਾਂ ਹੁਣ ਉਹ ਪੈਸੇ ਕਿਸਾਨਾਂ ਨੂੰ ਨਹੀਂ ਦੇ ਰਹੀਆਂ ਕਿਉਂਕਿ ਸਰਕਾਰ ਦੇ ਨਵੇਂ ਹੁਕਮਾਂ ਕਰਕੇ ਬੈਂਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਹੁਣ ਤੱਕ 39 ਹਜਾਰ ਦੇ ਹਿਸਾਬ ਨਾਲ ਰਕਮ ਨਹੀਂ ਮਿਲੀ, ਇਸ ਕਰਕੇ ਅਸੀਂ ਕਿਸਾਨਾਂ ਨੂੰ ਅੱਗੇ ਇਹ ਰਕਮ ਨਹੀਂ ਦੇ ਸਕਦੇ।ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਿਛਲੇ ਹਿਸਾਬ ਮੁਤਾਬਿਕ ਪੈਸੇ ਲੈਣੇ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਫਿਲਹਾਲ ਪੈਸੇ ਨਹੀਂ ਮਿਲ ਰਹੇ, ਇਸ ਕਰਕੇ ਕਿਸਾਨ ਜਿਨਾਂ ਨੂੰ ਆਪਣੇ ਘਰੇਲੂ ਕਾਰਜਾਂ ਲਈ ਜਾਂ ਖੇਤੀਬਾੜੀ ਦੇ ਹੋਰ ਖਰਚਿਆਂ ਲਈ ਪੈਸੇ ਦੀ ਲੋੜ ਹੈ ਉਨ੍ਹਾਂ ਨੂੰ ਇਸ ਸਮੇਂ ਕੋਆਪਰੇਟਿਵ ਬੈਂਕਾਂ ਤੋਂ ਪੈਸਾ ਨਹੀਂ ਮਿਲ ਰਿਹਾ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਬੈਂਕਾਂ ਨੂੰ ਨਵੇਂ ਹੁਕਮਾਂ ਮੁਤਾਬਕ ਪੈਸਾ ਜਾਰੀ ਕਰੇ ਤਾਂ ਕਿ ਬੈਂਕ ਕਿਸਾਨਾਂ ਨੂੰ ਪੈਸੇ ਦੇਣ ਦੇ ਸਮਰੱਥ ਬਣ ਸਕਣ। ਇਸ ਮੌਕੇ ਬੀਕੇਯੂ ਕਾਦੀਆਂ ਦੇ ਸਰਪ੍ਰਸਤ ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ ਤੋਂ ਇਲਾਵਾ,ਹਰਬੰਸ ਸਿੰਘ, ਜਲੌਰ ਸਿੰਘ,ਗੁਰਜੰਟ ਸਿੰਘ,ਰਣਜੀਤ ਸਿੰਘ, ਗੁਰਦਿਆਲ ਸਿੰਘ, ਨਿਰਮਲ ਸਿੰਘ, ਜਗਦੀਸ਼ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ,ਰਛਪਾਲ ਸਿੰਘ,ਹਰਪਾਲ ਸਿੰਘ, ਬਲਵੰਤ ਸਿੰਘ, ਬਖਤਾਵਰ ਸਿੰਘ, ਮਲਕੀਤ ਸਿੰਘ ਅਤੇ ਹਰਬੰਸ ਸਿੰਘ ਆਦਿ ਕਿਸਾਨ ਹਾਜਰ ਸਨ।