ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਧਰਨਾ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਧਰਨਾ ਪ੍ਰਦਰਸ਼ਨ
Publish Date: Sun, 22 Feb 2026 06:10 PM (IST)
Updated Date: Sun, 22 Feb 2026 06:58 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸਥਾਨਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਢਾਬਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਸਿੰਘ ਸੈਦੋ ਕਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵੰਤ ਸਿੰਘ ਬੱਘੇਕਾ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਪਰੋਕਤ ਕਿਸਾਨ ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਏ ਦਿਨ ਲਿਆਂਦੇ ਜਾ ਰਹੇ ਨਵੇਂ ਤੋਂ ਨਵੇਂ ਲੋਕ ਮਾਰੂ ਕਾਨੂੰਨਾਂ ਜਿਸ ਵਿੱਚ ਅਮਰੀਕਾ ਨਾਲ ਕੀਤਾ ਫਰੀ ਟਰੇਡ ਸਮਝੌਤਾ, ਬਿਜਲੀ ਸੋਧ ਬਿਲ, ਬੀਜ ਬਿਲ, ਚਾਰ ਲੇਬਰ ਕੋਡ, ਮਨਰੇਗਾ ਸੋਧ ਕਾਨੂੰਨ ਆਦਿ ਜਿਹੜੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫ਼ੇ ਦੇਣ ਦੇ ਮਕਸਦ ਨਾਲ ਲਿਆਂਦੇ ਗਏ ਹਨ। ਜਿਸ ਨਾਲ ਪੂੰਜੀਪਤੀਆਂ ਦੇ ਮਨਾਫ਼ਿਆਂ ਵਿੱਚ ਤਾਂ ਬੇਹਿਸਾਬਾ ਵਾਧਾ ਹੋਵੇਗਾ ਪਰ ਦੂਜੇ ਪਾਸੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਕਿਸਾਨ ਕੋਲੋਂ ਖੁਦ ਤਿਆਰ ਕੀਤੇ ਘਰੇਲੂ ਰਵਾਇਤੀ ਬੀਜਾਂ ਨੂੰ ਵਰਤਣ ਦਾ ਹੱਕ ਖੋਹ ਲਿਆ ਜਾਵੇਗਾ ਅਤੇ ਨਾਲ ਦੀ ਨਾਲ 4 ਕਿਰਤ ਕੋਡਾਂ ਨੇ ਕਿਰਤੀਆਂ ਦੇ ਹੱਕ ਵਾਲੇ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਜੀ ਰਾਮ ਜੀ ਕਾਨੂੰਨ ਨੇ ਨਰੇਗਾ ਕਾਮਿਆਂ ਕੋਲੋਂ ਨਰੇਗਾ ਹੱਕ ਖੋਹ ਲਿਆ ਹੈ। ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਕਾਰਪੋਰੇਟ ਪੱਖੀ ਸਰਕਾਰ ਕਿਸਾਨਾਂ ਦੇ ਤਿੱਖੇ ਸੰਘਰਸ਼ ਦੇ ਬਾਵਜੂਦ ਆਪਣੇ ਅਕਾਵਾਂ ਦੇ ਇਸ਼ਾਰਿਆ ਤੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਦੇਸ਼ ਵਿੱਚ ਲਾਗੂ ਕਰਨ ਲਈ ਬਜ਼ਿੱਦ ਹੈ ਪਰ ਕਿਸਾਨਾਂ ਅਤੇ ਆਮ ਲੋਕਾਂ ਦਾ ਰੋਹ ਜੋ ਲੋਕ ਲਹਿਰ ਬਣਦਾ ਜਾਂ ਰਿਹਾ ਹੈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਇਹਨਾਂ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗਾ। ਉਹਨਾਂ ਨੇ ਇਸ ਮੌਕੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਵੀ ਕਿਸਾਨਾਂ ਉੱਤੇ ਜ਼ੁਲਮ ਕਰਨਾ ਬੰਦ ਕਰੇ ਅਤੇ ਵਿਧਾਨ ਸਭਾ ਵਿੱਚ ਮਤੇ ਪਾ ਕੇ ਕੇਂਦਰ ਵੱਲੋਂ ਕੀਤੇ ਸਮਝੌਤਿਆਂ ਨੂੰ ਤੁਰੰਤ ਰੱਦ ਕਰੇ। ਆਗੂਆਂ ਨੇ ਕਿਹਾ ਕਿ ਇਹਨਾਂ ਵਧੀਕੀਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਅੰਤਿਮ ਜਿੱਤ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਲਗਾਤਾਰ ਜਾਰੀ ਰੱਖਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਿ੍ਸ਼ਨ ਧਰਮੂ ਵਾਲਾ, ਹਰਭਜਨ ਛੱਪੜੀ ਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਖਚੈਨ ਸਿੰਘ ਸੈਦੋਕਾ, ਜ਼ਿਲ੍ਹਾ ਆਗੂ ਰੇਸ਼ਮ ਮਿੱਡਾ, ਬਲਾਕ ਪ੍ਰਧਾਨ ਹਰਮੀਤ ਸਿੰਘ, ਬੀ.ਕੇ.ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ, ਬੀ.ਕੇ.ਯੂ. ਉਗਰਾਹਾਂ ਦੇ ਬਲਾਕ ਪ੍ਰਧਾਨ ਪਿੱਪਲ ਸਿੰਘ, ਬਲਾਕ ਆਗੂ ਅੰਗਰੇਜ਼ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੰਤਪਾਲ ਸਿੰਘ ਰਿੰਟਾ ਨੇ ਬਾਖੂਬੀ ਨਿਭਾਈ।