ਏਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ
ਏਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ — ਹੁਣ ਅਸਲਾ ਲਸੰਸ ਵੀ ਬਣਿਆ ਕਿਸਾਨੀ ਮੁੱਦਾ!
Publish Date: Thu, 19 Mar 2026 07:39 PM (IST)
Updated Date: Fri, 20 Mar 2026 04:14 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਵਿਚ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਤੇਜ਼ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਸੁਖਰਾਜ ਸਿੰਘ ਗੋਰਾ ਵੱਲੋਂ ਹਾਲ ਹੀ ’ਚ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਦਫ਼ਤਰ ਅੱਗੇ ਧਰਨਾ ਲਗਾਉਣ ਤੋਂ ਬਾਅਦ ਹੁਣ ਕਿਸਾਨਾਂ ਨੇ ਵੀ ਓਹੀ ਰਾਹ ਅਪਣਾ ਲਿਆ ਹੈ। ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਸੱਦੇ ’ਤੇ ਕਿਸਾਨਾਂ ਵੱਲੋਂ ਏਡੀਸੀ ਦਫ਼ਤਰ ਅੱਗੇ ਪੱਕਾ ਧਰਨਾ ਲਾ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਕੇਂਦਰ ਤੇ ਰਾਜ ਸਰਕਾਰ ਦੇ ਪੁਤਲੇ ਸਾੜੇ ਅਤੇ ਲੱਗਭੱਗ ਦੋ ਘੰਟੇ ਤੱਕ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜਤਾਇਆ। ਕਿਸਾਨ ਆਗੂਆਂ ਨੇ ਕਿਹਾ ਕਿ 19 ਮਾਰਚ 2025 ਨੂੰ ਸ਼ੰਭੂ, ਖਨੌਰੀ ਅਤੇ ਰਤਨਪੁਰਾ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਬਰਨ ਖਤਮ ਕਰਵਾਉਣਾ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਵਰਗਾ ਸੀ।ਉਨ੍ਹਾਂ ਦੋਸ਼ ਲਾਇਆ ਕਿ ਅੰਦੋਲਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ, ਕਈਆਂ ਨੂੰ ਜੇਲ੍ਹਾਂ ’ਚ ਡੱਕਿਆ ਗਿਆ ਅਤੇ ਉਨ੍ਹਾਂ ਦਾ ਕੀਮਤੀ ਸਾਮਾਨ ਨੁਕਸਾਨੀ ਜਾਂ ਗਾਇਬ ਹੋ ਗਿਆ। ਇਸ ਘਟਨਾ ਨੂੰ ਇੱਕ ਸਾਲ ਪੂਰਾ ਹੋਣ ’ਤੇ ਅੱਜ ਸੂਬਾ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਤੋਂ ਬਾਅਦ ਜਦੋਂ ਕਿਸਾਨ ਆਗੂ ਏਡੀਸੀ ਨੂੰ ਮਿਲਣ ਪਹੁੰਚੇ ਤਾਂ ਸਮਾਂ ਨਾ ਮਿਲਣ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਦਫ਼ਤਰ ਦੇ ਬਾਹਰ ਹੀ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਆਮ ਲੋਕ ਸਵੇਰੇ ਤੋਂ ਲਾਈਨਾਂ ’ਚ ਖੜ੍ਹੇ ਰਹਿੰਦੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਖਾਸ ਗੱਲ ਇਹ ਰਹੀ ਕਿ ਹੁਣ ਕਿਸਾਨਾਂ ਦੀਆਂ ਮੰਗਾਂ ’ਚ ਅਸਲਾ ਲਾਈਸੈਂਸਾਂ ਦੀ ਸਮੱਸਿਆ ਵੀ ਵੱਡੇ ਮੁੱਦੇ ਵਜੋਂ ਸਾਹਮਣੇ ਆ ਗਈ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਲਾਈਸੈਂਸਾਂ ਵਿੱਚ ਬਿਨਾਂ ਵਜ੍ਹਾ ਦੇਰੀ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਗੁਰਸੇਵਕ ਸਿੰਘ ਧਾਲੀਵਾਲ (ਸੂਬਾ ਪ੍ਰਧਾਨ, ਬੀਕੇਯੂ ਏਕਤਾ), ਹੀਰਾ ਸਿੰਘ ਗੁਰਦਿੱਤੀਵਾਲਾ, ਦੇਵਿੰਦਰ ਸਿੰਘ ਫੁੱਲਰਵਨ, ਗੁਰਭੇਜ ਸਿੰਘ, ਗੁਰਮੁਖ ਸਿੰਘ, ਰਣਜੀਤ ਸਿੰਘ, ਅੰਗਰੇਜ਼ ਸਿੰਘ, ਸੁਖਦੇਵ ਸਿੰਘ ਮੰਡ (ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ), ਜਸਵਿੰਦਰ ਸਿੰਘ ਅਤੇ ਕਰਨੈਲ ਸਿੰਘ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ। --------- ਗੋਰਾ ਤੋਂ ਸ਼ੁਰੂ ਹੋਈ ਰਵਾਇਤ, ਹੁਣ ਬਣੀ ਟ੍ਰੈਂਡ! ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਪ ਆਗੂ ਸੁਖਰਾਜ ਗੋਰਾ ਨੇ ਵੀ ਡੀਸੀ ਦਫ਼ਤਰ ਬਾਹਰ ਧਰਨਾ ਲਗਾ ਕੇ ਇਕ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਸੀ। ਹੁਣ ਉਸੇ ਤਰ੍ਹਾਂ ਕਿਸਾਨਾਂ ਵੱਲੋਂ ਵੀ ਦਫ਼ਤਰ ਅੱਗੇ ਮੋਰਚਾ ਲਗਾਉਣਾ ਦਰਸਾਉਂਦਾ ਹੈ ਕਿ ਫ਼ਿਰੋਜ਼ਪੁਰ ਵਿਚ ਪ੍ਰਸ਼ਾਸਨ ਖ਼ਿਲਾਫ਼ ਸਿੱਧਾ ਦਬਾਅ ਬਣਾਉਣ ਦੀ ਨਵੀਂ ਰੀਤ ਬਣਦੀ ਜਾ ਰਹੀ ਹੈ। ਜੇਕਰ ਅਜਿਹਾ ਜਾਰੀ ਰਿਹਾ ਤਾਂ ਆਮ ਲੋਕਾਂ ਦੇ ਕੰਮ ਕਾਰ ਵਿਚ ਕਾਫੀ ਪਰੇਸ਼ਾਨੀ ਆਉਣ ਦੀ ਸੰਭਾਵਨਾ ਹੈ।