ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਤਿੱਖੇ ਸੰਘਰਸ਼ ਦੀ ਰਣਨੀਤੀ ਤਿਆਰ
ਲੈਂਡ ਮਾਰਗੇਜ ਬੈਂਕਾਂ ਦੀ ਧੱਕੇਸ਼ਾਹੀ ਖਿਲਾਫ਼ ਕਿਸਾਨ 1 ਜੂਨ ਤੋਂ ਚੰਡੀਗੜ੍ਹ ਰਜਿਸਟਰਾਰ ਦਫ਼ਤਰ ਦੇ ਘਿਰਾਓ ਦਾ ਐਲਾਨ
Publish Date: Fri, 29 May 2026 04:06 PM (IST)
Updated Date: Fri, 29 May 2026 04:07 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਏਕਤਾ ਸਿੱਧੂਪੁਰ ਵੱਲੋਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਫ਼ਰੀਦਕੋਟ ਵਿਖੇ ਸਟੇਟ ਬਾਡੀ ਦੀ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਲੈਂਡ ਮਾਰਗੇਜ ਬੈਂਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਕੁਰਕੀ ਅਤੇ ਪ੍ਰੇਸ਼ਾਨੀ ਦੇ ਵਿਰੋਧ ’ਚ ਪਹਿਲੀ ਜੂਨ ਤੋਂ ਚੰਡੀਗੜ੍ਹ ਵਿਖੇ ਰਜਿਸਟਰਾਰ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਦਾ ਵੱਡਾ ਐਲਾਨ ਕੀਤਾ ਗਿਆ। ਬੀਕੇਯੂ ਏਕਤਾ ਸਿੱਧੂਪੁਰ ਦੀ ਸਟੇਟ ਬਾਡੀ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਈ, ਜਿਸ ਵਿਚ 11 ਮਈ ਤੋਂ ਫ਼ਿਰੋਜ਼ਪੁਰ ਅਤੇ ਪੰਜਾਬ ਦੇ ਹੋਰਨਾਂ 12 ਜ਼ਿਲ੍ਹਿਆਂ ਵਿੱਚ ਲੈਂਡ ਮਾਰਗੇਜ ਬੈਂਕਾਂ ਅੱਗੇ ਚੱਲ ਰਹੇ ਪੱਕੇ ਮੋਰਚਿਆਂ ਦੀ ਸਮੀਖਿਆ ਕੀਤੀ ਗਈ ਅਤੇ ਅਗਲੇ ਤਿੱਖੇ ਸੰਘਰਸ਼ ਦੀ ਰਣਨੀਤੀ ਉਲੀਕੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਮਦੋਟ ਦੇ ਪ੍ਰਧਾਨ ਸਾਬ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਲੈਂਡ ਮਾਰਗੇਜ ਬੈਂਕਾਂ ਨੂੰ ਮੁਕੰਮਲ ਤੌਰ ’ਤੇ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦੀ ਬਜਾਏ, ਕਿਸਾਨਾਂ ਦੇ ਘਰਾਂ ਵਿਚ ਜਬਰਨ ਉਗਰਾਹੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ, ਜਿਸ ਕਾਰਨ ਅੰਨਦਾਤਾ ਸਖ਼ਤ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਹੈ। ਬੈਂਕ ਦੀਆਂ ਇਹਨਾਂ ਮਾਰੂ ਨੀਤੀਆਂ ਕਾਰਨ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਇੱਕ ਕਿਸਾਨ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਤੱਕ ਕਰ ਲਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਜਿੱਥੇ ਬਾਕੀ ਸਾਰੇ ਬੈਂਕ ਕਿਸਾਨਾਂ ਨੂੰ ਰਾਹਤ ਦੇਣ ਲਈ ‘ਵਨ ਟਾਈਮ ਸੈਟਲਮੈਂਟ’ (ਓਟੀਐੱਸ) ਵਰਗੀਆਂ ਸਕੀਮਾਂ ਲਿਆਉਂਦੇ ਹਨ, ਉੱਥੇ ਹੀ ਲੈਂਡ ਮਾਰਗੇਜ ਬੈਂਕ ਕਿਸਾਨਾਂ ਨਾਲ ਕੋਈ ਸਮਝੌਤਾ ਨਹੀਂ ਕਰਦਾ ਅਤੇ ਮੂਲ ਰਕਮ ਤੋਂ ਤਿੰਨ ਗੁਣਾ ਤੱਕ ਵੱਧ ਪੈਸੇ ਵਸੂਲ ਰਿਹਾ ਹੈ। ਇੰਨਾ ਹੀ ਨਹੀਂ ਜਿਹੜੇ ਕਿਸਾਨ ਆਪਣਾ ਪੂਰਾ ਕਰਜ਼ਾ ਉਤਾਰ ਕੇ ਬੈਂਕ ਤੋਂ ‘ਕਲੀਅਰੈਂਸ ਸਰਟੀਫਿਕੇਟ’ ਲੈ ਚੁੱਕੇ ਹਨ, ਉਨ੍ਹਾਂ ਨੂੰ ਵੀ ਦੁਬਾਰਾ ਕਰਜ਼ਾ ਭਰਨ ਦੇ ਨਜਾਇਜ਼ ਨੋਟਿਸ ਭੇਜੇ ਜਾ ਰਹੇ ਹਨ। ਕਿਸਾਨ ਜਥੇਬੰਦੀ ਨੇ ਆਖਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾਂ ਕੋਲੋਂ ਬੈਂਕ ਵੱਲੋਂ ਲਏ ਗਏ ਖਾਲੀ ਸੁਰੱਖਿਆ ਚੈੱਕ ਤੁਰੰਤ ਵਾਪਸ ਕੀਤੇ ਜਾਣ, ਅਦਾਲਤਾਂ ਵਿਚ ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਸਾਰੇ ਕੇਸ ਬਿਨ੍ਹਾ ਸ਼ਰਤ ਵਾਪਸ ਲਏ ਜਾਣ, ਕਿਸਾਨਾਂ ਦੇ ਹਿੱਤ ਵਿਚ ਤੁਰੰਤ ‘ਵਨ ਟਾਈਮ ਸੈਟਲਮੈਂਟ’ ਸਕੀਮ ਲਾਗੂ ਕੀਤੀ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਕੁੰਭਕਰਨੀ ਨੀਂਦ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ 1 ਜੂਨ ਨੂੰ ਚੰਡੀਗੜ੍ਹ ਵਿਖੇ ਰਜਿਸਟਰਾਰ ਦਫ਼ਤਰ ਦਾ ਵੱਡੀ ਗਿਣਤੀ ਵਿਚ ਪਹੁੰਚ ਕੇ ਘਿਰਾਓ ਕੀਤਾ ਜਾਵੇਗਾ ਅਤੇ ਜਿਨ੍ਹਾਂ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਵਿਚ ਇਕਬਾਲ ਸਿੰਘ ਸੱਪਾਂਵਾਲੀ ਜ਼ਿਲ੍ਹਾ ਪ੍ਰਧਾਨ ਪੂਰਬੀ, ਜੱਸਾ ਸਿੰਘ ਮਾਛੀਵਾੜਾ ਬਲਾਕ ਪ੍ਰਧਾਨ ਸ਼ਹਿਰੀ, ਜਸਕਰਨ ਸਿੰਘ ਯੂਥ ਆਗੂ ਗੁਰੂਹਰਸਹਾਏ, ਜੱਜ ਸਿੰਘ ਹਾਮਦ ਸਲਾਹਕਾਰ, ਕਾਰਜ ਸਿੰਘ ਜਨਰਲ ਸਕੱਤਰ ਮਮਦੋਟ, ਜਸਪ੍ਰੀਤ ਸਿੰਘ ਬਲਾਕ ਜਨਰਲ ਸਕੱਤਰ ਘੱਲ ਖੁਰਦ, ਮਿਹਰਬਾਨ ਸਿੰਘ ਸੀਨੀਅਰ ਆਗੂ ਸਮੇਤ ਵੱਡੀ ਗਿਣਤੀ ਵਿੱਚ ਇਕਾਈ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ।