ਹਾਈ-ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਕਿਸਾਨ, BSF ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਈ ਜਾਨ
ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਖੀਵਾ ਮਨਸਾ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਵਾੜ ਦੇ ਪਾਰ ਖੇਤੀ ਕਰਨ ਗਏ ਇੱਕ ਕਿਸਾਨ ਦੇ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਝੁਲਸ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਕਿਸਾਨ ਨੂੰ ਬਚਾ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਜਾਰੀ ਹੈ।
Publish Date: Tue, 05 May 2026 03:43 PM (IST)
Updated Date: Tue, 05 May 2026 03:50 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਖੀਵਾ ਮਨਸਾ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਵਾੜ ਦੇ ਪਾਰ ਖੇਤੀ ਕਰਨ ਗਏ ਇੱਕ ਕਿਸਾਨ ਦੇ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਝੁਲਸ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਕਿਸਾਨ ਨੂੰ ਬਚਾ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਜ਼ਖਮੀ ਕਿਸਾਨ ਦੇ ਪੁੱਤਰ ਬਿੱਟੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਅੰਤਰਰਾਸ਼ਟਰੀ ਵਾੜ ਦੇ ਪਾਰ ਕਰੀਬ 9 ਏਕੜ ਜ਼ਮੀਨ ਹੈ, ਜਿੱਥੇ ਉਹ ਰੋਜ਼ਾਨਾ ਖੇਤੀਬਾੜੀ ਲਈ ਜਾਂਦੇ ਹਨ। ਘਟਨਾ ਵਾਲੇ ਦਿਨ ਉਸਦਾ ਪਿਤਾ ਖੇਤ ਵਿੱਚ ਮੋਟਰ ਚਾਲੂ ਕਰਨ ਲਈ ਤਾਰਾਂ ਜੋੜਨ ਵਾਸਤੇ ਟ੍ਰਾਂਸਫਾਰਮਰ ’ਤੇ ਚੜ੍ਹਿਆ ਹੋਇਆ ਸੀ। ਇਸ ਦੌਰਾਨ ਅਚਾਨਕ ਹਾਈ-ਵੋਲਟੇਜ ਕਰੰਟ ਦੀ ਲਪੇਟ ਵਿੱਚ ਆਉਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਰਾਹਗੀਰਾਂ ਅਤੇ ਮੌਕੇ ’ਤੇ ਮੌਜੂਦ ਬੀ.ਐੱਸ.ਐੱਫ. ਜਵਾਨਾਂ ਨੇ ਤੁਰੰਤ ਮਦਦ ਕਰਦਿਆਂ ਜ਼ਖਮੀ ਕਿਸਾਨ ਨੂੰ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਦੇ ਡਾਕਟਰ ਡਾ. ਕਰਨ ਨੇ ਦੱਸਿਆ ਕਿ ਕਿਸਾਨ ਨੂੰ ਬਿਜਲੀ ਦਾ ਗੰਭੀਰ ਝਟਕਾ ਲੱਗਣ ਕਾਰਨ ਉਸਦੇ ਸਰੀਰ ਦਾ ਵੱਡਾ ਹਿੱਸਾ ਸੜ ਗਿਆ ਹੈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਤ ਨੂੰ ਦੇਖਦਿਆਂ ਲੋੜ ਪੈਣ ’ਤੇ ਉਸਨੂੰ ਕਿਸੇ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਜਾ ਸਕਦਾ ਹੈ।