ਸੰਤ ਕਬੀਰ ਕਾਲਜ ’ਚ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਸੰਤ ਕਬੀਰ ਕਾਲਜ ਜ਼ੀਰਾ ਵਿਚ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਵਿਦਾਈ ਸਮਾਰੋਹ ਕਰਵਾਇਆ ਗਿਆ
Publish Date: Sun, 26 Apr 2026 03:34 PM (IST)
Updated Date: Mon, 27 Apr 2026 04:01 AM (IST)
-ਮਿਸ ਫੇਅਰਵੈਲ ਸਿਮਰਨਜੀਤ ਤੇ ਮਿਸਟਰ ਫੇਅਰਵੈਲ ਹਰਦੀਪ ਸਿੰਘ ਚੁਣੇ੍
-ਜੇਤੂ ਵਿਦਿਆਰਥੀਆਂ ਦੀ ਇਨਾਮ ਦੇ ਕੇ ਕੀਤੀ ਹੌਸਲਾ ਅਫਜ਼ਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਵਿਦਿਆਰਥੀ ਜੀਵਨ ਦੇ ਸੁਹਾਵਨੇ ਪਲਾਂ ਨੂੰ ਯਾਦਗਾਰ ਬਣਾਉਂਦਿਆਂ ਸੰਤ ਕਬੀਰ ਕਾਲਜ ਜ਼ੀਰਾ ਵਿਚ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਵਿਦਾਈ ਸਮਾਰੋਹ ਬੜੇ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਮਨਾਇਆ ਗਿਆ। ਇਹ ਸਮਾਰੋਹ ਸਿਰਫ਼ ਇਕ ਰਸਮੀ ਵਿਦਾਈ ਨਹੀਂ ਸੀ, ਸਗੋਂ ਯਾਦਾਂ, ਭਾਵਨਾਵਾਂ ਅਤੇ ਨਵੀਆਂ ਉਮੀਦਾਂ ਦਾ ਸੁੰਦਰ ਮੇਲ ਸਾਬਤ ਹੋਇਆ, ਜਿਸ ਨੇ ਹਰ ਇਕ ਦੀਆਂ ਅੱਖਾਂ ਨਮੀ ਨਾਲ ਭਰ ਦਿੱਤੀਆਂ। ਸਮਾਰੋਹ ਦੀ ਸ਼ੁਰੂਆਤ ਰੰਗਾਰੰਗ ਪ੍ਰੋਗਰਾਮ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਲੁਕੀਆਂ ਕਲਾ-ਕੌਸ਼ਲਾਂ ਦਾ ਦਿਲਕਸ਼ ਪ੍ਰਦਰਸ਼ਨ ਕੀਤਾ। ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਦਿੰਦੇ ਗਿੱਧੇ ਨੇ ਦਰਸ਼ਕਾਂ ਦਾ ਮਨ ਮੋਹ ਗਿਆ, ਜਦਕਿ ਮੁੰਡਿਆਂ ਦੇ ਜੋਸ਼ ਭਰੇ ਭੰਗੜੇ ਨੇ ਪੂਰੇ ਹਾਲ ਵਿੱਚ ਉਤਸ਼ਾਹ ਅਤੇ ਤਾਲੀਆਂ ਦੀ ਗੂੰਜ ਪੈਦਾ ਕਰ ਦਿੱਤੀ। ਇਸ ਤੋਂ ਇਲਾਵਾ ਹੋਰ ਵੀ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਪੂਰੇ ਜਜ਼ਬੇ ਨਾਲ ਹਿੱਸਾ ਲਿਆ। ਇਸ ਮੌਕੇ “ਮਿਸ ਫੇਅਰਵੈਲ ਸਿਮਰਨਜੀਤ” ਅਤੇ “ਮਿਸਟਰ ਫੇਅਰਵੈਲ ਹਰਦੀਪ ਸਿੰਘ” ਚੁਣੇ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਸਮਾਰੋਹ ਦੌਰਾਨ ਕਾਲਜ ਦੇ ਚੈਅਰਮੈਨ ਗੁਰਚਰਨ ਸਿੰਘ, ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਡਾ. ਵੀਰਪਾਲ ਸਮੇਤ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ ਵਿਚ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜਤਾ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਚੇਅਰਮੈਨ ਗੁਰਚਰਨ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਿਦਿਆਰਥੀ ਸੰਸਥਾ ਦੀ ਅਸਲੀ ਪਛਾਣ ਹਨ ਅਤੇ ਉਹ ਜਿੱਥੇ ਵੀ ਜਾਣਗੇ, ਕਾਲਜ ਦਾ ਨਾਮ ਰੌਸ਼ਨ ਕਰਨਗੇ। ਸਮਾਰੋਹ ਦੇ ਅੰਤ ਵਿਚ ਵਿਦਿਆਰਥੀਆਂ ਨੇ ਇਕ-ਦੂਜੇ ਨਾਲ ਆਪਣੀਆਂ ਸੁਹਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਭਾਵੁਕ ਮਾਹੌਲ ਵਿਚ ਵਿਦਾਈ ਲਈ, ਜੋ ਹਰ ਕਿਸੇ ਦੇ ਦਿਲ ’ਤੇ ਅਮਿਟ ਛਾਪ ਛੱਡ ਗਿਆ।