ਕਿਸਾਨ ਸਿਖਲਾਈ ਕੈਂਪ ’ਚ ਪਰਾਲੀ ਨਾ ਸਾੜਨ ਤੇ ਫ਼ਸਲੀ ਵਿਭਿੰਨਤਾ ’ਤੇ ਜ਼ੋਰ
ਫਿਰੋਜ਼ਪੁਰ ’ਚ ਕਿਸਾਨ ਸਿਖਲਾਈ ਕੈਂਪ ਵਿਚ ਪਰਾਲੀ ਨਾ ਸਾੜਨ ਅਤੇ ਫ਼ਸਲੀ ਵਿਭਿੰਨਤਾ ’ਤੇ ਜ਼ੋਰ
Publish Date: Sat, 11 Oct 2025 05:26 PM (IST)
Updated Date: Sat, 11 Oct 2025 05:28 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਿਰੋਜ਼ਪੁਰ ਵੱਲੋਂ ਅੱਜ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਰਣਧੀਰ ਸਿੰਘ ਠਾਕੁਰ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਇਨਪੁਟਸ (ਬੀਜ, ਖਾਦਾਂ, ਕੀਟਨਾਸ਼ਕ) ਦੀ ਸੰਜਮ ਨਾਲ ਵਰਤੋਂ ਕਰਨ ਅਤੇ ਪਰਾਲੀ ਦੀ ਸੁਚੱਜੀ ਸੰਭਾਲ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਪ੍ਰੇਰਿਤ ਕਰਨਾ ਸੀ। ਕੈਂਪ ਦਾ ਉਦਘਾਟਨ ਵਿਧਾਇਕ ਫੌਜ਼ਾ ਸਿੰਘ ਸਰਾਰੀ ਗੁਰੂਹਰਸਹਾਏ ਅਤੇ ਨਰੇਸ਼ ਕਟਾਰੀਆ ਜ਼ੀਰਾ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਬਦਲਵੇਂ ਪ੍ਰਬੰਧ ਵਜੋਂ ਹੋਰ ਫ਼ਸਲਾਂ ਲਗਾਉਣ ਲਈ ਉਤਸ਼ਾਹਿਤ ਕੀਤਾ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਸਰਾਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਰਕਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਰਾਹੀਂ ਮੁਫ਼ਤ ਕਣਕ ਦਾ ਸੁਧਰਿਆ ਹੋਇਆ ਬੀਜ ਦਿੱਤਾ ਜਾਵੇਗਾ। ਮੁੱਖ ਮਹਿਮਾਨ ਵਜੋਂ ਵਿਧਾਇਕ ਰਜਨੀਸ਼ ਕੁਮਾਰ ਦਹੀਆ ਫਿਰੋਜ਼ਪੁਰ ਦਿਹਾਤੀ ਅਤੇ ਰਣਬੀਰ ਸਿੰਘ ਭੁੱਲਰ ਫਿਰੋਜ਼ਪੁਰ ਸ਼ਹਿਰੀ ਨੇ ਸ਼ਿਰਕਤ ਕੀਤੀ। ਉਨ੍ਹਾਂ 1000 ਤੋਂ ਵੱਧ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਧਰਤੀ, ਪਾਣੀ ਅਤੇ ਹਵਾ ਦੀ ਸੰਭਾਲ ਨੂੰ ਮਨੁੱਖ ਦਾ ਫਰਜ਼ ਦੱਸਿਆ। ਮੁੱਖ ਖੇਤੀਬਾੜੀ ਅਫ਼ਸਰ ਠਾਕੁਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਹਾੜੀ ਰੁੱਤੇ ਜ਼ਿਲ੍ਹੇ ਵਿੱਚ ਮਿਆਰੀ ਖੇਤੀ ਇਨਪੁਟਸ, ਜਿਨ੍ਹਾਂ ਵਿਚ ਲੋੜੀਂਦੀਆਂ ਖਾਦਾਂ ਸ਼ਾਮਲ ਹਨ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਵਿਭਾਗ ਵੱਲੋਂ ਸਾਲ 2025-26 ਦੌਰਾਨ ਕੀਤੀ ਕਾਰਵਾਈ ਬਾਰੇ ਦੱਸਦਿਆਂ ਕਿਹਾ ਕਿ 72 ਬੀਜਾਂ, 109 ਖਾਦਾਂ ਅਤੇ 143 ਕੀਟਨਾਸ਼ਕਾਂ ਦੇ ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਵਿੱਚੋਂ ਗੈਰ-ਮਿਆਰੀ ਪਾਏ ਗਏ ਨਮੂਨਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕੱਲਰ ਵਾਲੀਆਂ ਜ਼ਮੀਨਾਂ ਦੇ ਸੁਧਾਰ ਲਈ 50 ਪ੍ਰਤੀਸ਼ਤ ਸਬਸਿਡੀ ’ਤੇ 335 ਟਨ ਜਿਪਸਮ ਮੁਹੱਈਆ ਕਰਵਾਉਣ ਅਤੇ 1.39 ਕਰੋੜ ਦੀ ਲਾਗਤ ਨਾਲ ਆਧੁਨਿਕ ਭੋਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਹੋਣ ਦੀ ਜਾਣਕਾਰੀ ਵੀ ਦਿੱਤੀ। ਕੈਂਪ ਵਿਚ ਖੇਤੀ ਮਾਹਿਰਾਂ ਨੇ ਮਿੱਟੀ ਅਤੇ ਪਾਣੀ ਦੀ ਪਰਖ, ਫ਼ਸਲਾਂ ਦੀ ਕਾਸ਼ਤ, ਮੰਡੀਕਰਨ, ਰੋਗਾਂ ਦੀ ਰੋਕਥਾਮ ਅਤੇ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਵੱਖ-ਵੱਖ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਜੰਗਲਾਤ ਵਿਭਾਗ ਨੇ ਵਾਤਾਵਰਣ ਦੀ ਸ਼ੁੱਧਤਾ ਲਈ 500 ਬੂਟੇ ਮੁਫ਼ਤ ਵੰਡੇ। ਅੰਤ ਵਿਚ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਨੇ ਆਏ ਹੋਏ ਮਹਿਮਾਨਾਂ, ਖੇਤੀ ਮਾਹਿਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਵਿਚ ਤਨਦੇਹੀ ਨਾਲ ਆਪਣੀਆ ਸੇਵਾਵਾਂ ਜਾਰੀ ਰੱਖੇਗਾ। ਇਸ ਕੈਂਪ ਦੇ ਆਯੋਜਨ ਵਿਚ ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ ਆਤਮਾ, ਨੀਰਜ ਸ਼ਰਮਾ ਗੁਰਸਾਹਿਬ ਸਿੰਘ, ਅਮਿਤ ਪੁੰਜ, ਗੁਰਦੀਪ ਸਿੰਘ (ਸਾਰੇ ਖੇਤੀਬਾੜੀ ਅਫ਼ਸਰ), ਗੁਰਵੰਤ ਸਿੰਘ, ਰਜਨੀਸ਼ ਕੁਮਾਰ, ਨਵੀਨ ਖੰਨਾ, ਤਰਨਜੀਤ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫ਼ਸਰ) ਤੋਂ ਇਲਾਵਾ ਸੁਨੀਲ ਕੁਮਾਰ, ਸੁਪਰਡੈਂਟ, ਸੰਜੀਵ ਕੁਮਾਰ ਗੁਪਤਾ ਅਤੇ ਕਰਨਦੀਪ, ਸੀਨੀਅਰ ਸਹਾਇਕ ਅਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।