25 ਵਾਰਡਾਂ ਵਿੱਚ ਤਿਕੋਣੀ ਟੱਕਰ , ਕਈ ਸੀਟਾਂ ‘ਤੇ ਭਾਜਪਾ ਬਣ ਸਕਦੀ ਹੈ “ਗੇਮ ਚੇਂਜਰ”
25 ਵਾਰਡਾਂ ਵਿੱਚ ਤਿਕੋਣੀ ਟੱਕਰ , ਕਈ ਸੀਟਾਂ ‘ਤੇ ਭਾਜਪਾ ਬਣ ਸਕਦੀ ਹੈ
Publish Date: Mon, 25 May 2026 04:48 PM (IST)
Updated Date: Mon, 25 May 2026 04:49 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਲਈ ਅੱਜ 26 ਮਈ ਨੂੰ ਵੋਟਿੰਗ ਕਰਵਾਈ ਜਾਵੇਗੀ। ਚੋਣਾਂ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਿੰਗ ਸਵੇਰੇ ਨਿਰਧਾਰਿਤ ਸਮੇਂ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਜਾਰੀ ਰਹੇਗੀ। ਪੋਲਿੰਗ ਬੂਥਾਂ ’ਤੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।ਚੋਣ ਮੈਦਾਨ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ-ਨਾਲ ਅਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਰਾਂ ਵਿੱਚ ਵੀ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨਗਰ ਕੌਂਸਲ ਚੋਣਾਂ ਵਿੱਚ ਇਸ ਵਾਰ 25 ਵਾਰਡਾਂ ਵਿੱਚ ਮੁੱਖ ਤੌਰ ‘ਤੇ ‘ਆਪ’, ਭਾਜਪਾ ਅਤੇ ਕਾਂਗਰਸ ਵਿਚਕਾਰ ਤਿਕੋਣੀ ਟੱਕਰ ਦੇ ਆਸਾਰ ਬਣ ਰਹੇ ਹਨ। ਭਾਵੇਂ ਚਾਰ ਵੱਡੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ, ਪਰ ਜ਼ਿਆਦਾਤਰ ਵਾਰਡਾਂ ਵਿੱਚ ਮੁਕਾਬਲਾ ਤਿੰਨ ਧਿਰਾਂ ਤੱਕ ਹੀ ਸੀਮਿਤ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਨਤੀਜਿਆਂ ‘ਚ ਅਹਿਮ ਭੂਮਿਕਾ ਰਹੇ ਹਨ। ਵਾਰਡ ਨੰਬਰ 1 ਵਿੱਚ ਕਾਂਗਰਸ ਦੇ ਭਜਨ ਲਾਲ ਅਤੇ ‘ਆਪ’ ਦੇ ਬੰਸੀ ਲਾਲ ਵਿਚਕਾਰ ਸਿੱਧੀ ਟੱਕਰ ਮੰਨੀ ਜਾ ਰਹੀ ਹੈ, ਜਦਕਿ ਭਾਜਪਾ ਦੇ ਜਸਵਿੰਦਰ ਸਿੰਘ ਵੀ ਮੈਦਾਨ ਵਿੱਚ ਹਨ। ਵਾਰਡ ਨੰਬਰ 2 ਵਿੱਚ ਕਾਂਗਰਸ ਦੀ ਗੁਰਬਖਸ਼ੀਸ਼ ਕੌਰ, ‘ਆਪ’ ਦੀ ਰਾਜਵੰਤ ਕੌਰ ਅਤੇ ਭਾਜਪਾ ਦੀ ਪੂਜਾ ਰਾਣੀ ਵਿਚਕਾਰ ਰੁਚਿਕਰ ਮੁਕਾਬਲਾ ਹੈ, ਜਦਕਿ ਅਕਾਲੀ ਦਲ ਦੀ ਅਨੀਤਾ ਰਾਣੀ ਵੀ ਚੋਣ ਲੜ ਰਹੀ ਹੈ। ਵਾਰਡ ਨੰਬਰ 3 ਵਿੱਚ ਕਾਂਗਰਸ ਦੇ ਅਮਨਦੀਪ ਸਿੰਘ ਦੁਰੇਜਾ, ‘ਆਪ’ ਦੇ ਸੁਨੀਲ ਮੈਣੀ ਅਤੇ ਭਾਜਪਾ ਦੇ ਸੰਦੀਪ ਬਜਾਜ ਵਿਚਕਾਰ ਤਿਕੋਣੀ ਮੁਕਾਬਲੇ ਦੀ ਚਰਚਾ ਹੈ। ਵਾਰਡ ਨੰਬਰ 4 ਵਿੱਚ ਕਾਂਗਰਸ ਦੀ ਵੀਨਾ ਰਾਣੀ ਦਾ ਸਾਹਮਣਾ ‘ਆਪ’ ਦੀ ਸੰਗੀਤਾ ਰਾਣੀ ਅਤੇ ਭਾਜਪਾ ਦੀ ਨੀਰਜ ਬਾਲਾ ਨਾਲ ਹੈ। ਵਾਰਡ ਨੰਬਰ 5 ਵਿੱਚ ਕਾਂਗਰਸ ਦੇ ਗੁਰਚਰਨ ਸਿੰਘ ਰੋਮੀ, ‘ਆਪ’ ਦੇ ਪਾਰਸ ਖੁਰਾਣਾ ਅਤੇ ਭਾਜਪਾ ਦੇ ਰਮੇਸ਼ ਕੁਮਾਰ ਵਿਚਕਾਰ ਮੁੱਖ ਮੁਕਾਬਲਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਬਸਪਾ ਦੇ ਰਿੰਕੂ ਅਤੇ ਆਜ਼ਾਦ ਉਮੀਦਵਾਰ ਰਮੇਸ਼ ਵੀ ਮੈਦਾਨ ਵਿੱਚ ਹਨ। ਵਾਰਡ ਨੰਬਰ 6 ਵਿੱਚ ਭਾਜਪਾ ਦੀ ਅਨੀਤਾ ਜੈਰਥ, ਕਾਂਗਰਸ ਦੀ ਰੀਟਾ ਰਾਣੀ ਅਤੇ ‘ਆਪ’ ਦੀ ਸਪਨਾ ਗਿਰਧਰ ਵਿਚਕਾਰ ਟੱਕਰ ਹੈ। ਵਾਰਡ ਨੰਬਰ 7 ਵਿੱਚ ਕਾਂਗਰਸ ਦੇ ਮਹਾਬੀਰ ਪ੍ਰਸਾਦ, ‘ਆਪ’ ਦੇ ਸ਼ੇਖਰ ਅਤੇ ਭਾਜਪਾ ਦੇ ਵਿਨੋਦ ਕੁਮਾਰ ਦੇ ਨਾਲ ਅਕਾਲੀ ਦਲ ਦੇ ਵਿਨੈ ਵੀ ਚੋਣ ਲੜ ਰਹੇ ਹਨ। ਵਾਰਡ ਨੰਬਰ 8 ਵਿੱਚ ਕਾਂਗਰਸ ਦੀ ਰਾਣੀ ਦੇਵੀ, ‘ਆਪ’ ਦੀ ਪੂਜਾ ਰਾਣੀ ਅਤੇ ਭਾਜਪਾ ਦੀ ਸੋਨਮ ਰਾਣੀ ਵਿਚਕਾਰ ਮੁਕਾਬਲਾ ਹੈ, ਜਦਕਿ ਅਕਾਲੀ ਦਲ ਨੇ ਮਮਤਾ ਰਾਣੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵਾਰਡ ਨੰਬਰ 9 ਵਿੱਚ ‘ਆਪ’ ਦੇ ਪ੍ਰਦੀਪ ਕੁਮਾਰ, ਕਾਂਗਰਸ ਦੇ ਰੌਸ਼ਨ ਪ੍ਰਜਾਪਤ ਅਤੇ ਭਾਜਪਾ ਦੇ ਸੁਰੇਸ਼ ਕੁਮਾਰ ਵਿਚਕਾਰ ਮੁੱਖ ਟੱਕਰ ਹੈ। ਵਾਰਡ ਨੰਬਰ 10 ਵਿੱਚ ‘ਆਪ’ ਦੀ ਮੋਨਿਕਾ ਰਾਣੀ, ਕਾਂਗਰਸ ਦੀ ਰਾਣੀ ਰਾਣੀ ਅਤੇ ਭਾਜਪਾ ਦੀ ਬਬਲੀ ਰਾਣੀ ਮੈਦਾਨ ਵਿੱਚ ਹਨ। ਵਾਰਡ ਨੰਬਰ 11 ਵਿੱਚ ‘ਆਪ’ ਦੇ ਟੇਕ ਚੰਦ, ਕਾਂਗਰਸ ਦੇ ਜਸਪਾਲ, ਭਾਜਪਾ ਦੇ ਅੰਮ੍ਰਿਤਪਾਲ ਅਤੇ ਅਕਾਲੀ ਦਲ ਦੇ ਅਮਿਤ ਕੁਮਾਰ ਚੋਣ ਲੜ ਰਹੇ ਹਨ। ਵਾਰਡ ਨੰਬਰ 12 ਵਿੱਚ ਭਾਜਪਾ ਦੇ ਨਿਰਮਲ, ‘ਆਪ’ ਦੀ ਸੋਮਾ ਰਾਣੀ ਅਤੇ ਕਾਂਗਰਸ ਦੀ ਪ੍ਰੇਮ ਕੌਰ ਵਿਚਕਾਰ ਮੁਕਾਬਲਾ ਹੈ, ਜਦਕਿ ਅਕਾਲੀ ਦਲ ਦੀ ਅਮਨਦੀਪ ਕੌਰ ਵੀ ਕਿਸਮਤ ਅਜ਼ਮਾ ਰਹੀ ਹੈ। ਵਾਰਡ ਨੰਬਰ 13 ਵਿੱਚ ‘ਆਪ’ ਦੇ ਭਗਵਾਨ ਦਾਸ, ਕਾਂਗਰਸ ਦੇ ਭੀਮ ਸੈਨ ਵਰਮਾ ਅਤੇ ਭਾਜਪਾ ਦੇ ਅਸ਼ੋਕ ਕੁਮਾਰ ਵਿਚਕਾਰ ਚੋਣੀ ਜੰਗ ਹੈ। ਵਾਰਡ ਨੰਬਰ 14 ਵਿੱਚ ਭਾਜਪਾ ਦੀ ਮਮਤਾ ਰਾਣੀ, ‘ਆਪ’ ਦੀ ਵਰਸ਼ਾ ਅਤੇ ਕਾਂਗਰਸ ਦੀ ਰਾਧਾ ਰਾਣੀ ਦੇ ਨਾਲ ਅਕਾਲੀ ਦਲ ਦੀ ਰਾਮਕਲੀ ਵੀ ਮੈਦਾਨ ਵਿੱਚ ਹੈ। ਵਾਰਡ ਨੰਬਰ 15 ਸਭ ਤੋਂ ਦਿਲਚਸਪ ਸੀਟ ਮੰਨੀ ਜਾ ਰਹੀ ਹੈ, ਜਿੱਥੇ ‘ਆਪ’ ਦੇ ਡਾ. ਨੀਸ਼ੂ ਡੋਗਰਾ ਅਤੇ ਭਾਜਪਾ ਦੇ ਅੰਕੁਸ਼ ਫੁਟਾਲਾ ਵਿਚਕਾਰ ਸਖ਼ਤ ਟੱਕਰ ਦੇ ਆਸਾਰ ਹਨ। ਕਾਂਗਰਸ ਵੱਲੋਂ ਆਦਿਤਿਆ ਅਤੇ ਅਕਾਲੀ ਦਲ ਵੱਲੋਂ ਕ੍ਰਿਸ਼ਨਾ ਸਿੰਘ ਦੇ ਮੈਦਾਨ ਵਿੱਚ ਹੋਣ ਕਾਰਨ ਇਹ ਸੀਟ ਹੋਰ ਵੀ ਚਰਚਾ ਵਿੱਚ ਹੈ। ਵਾਰਡ ਨੰਬਰ 16 ਵਿੱਚ ‘ਆਪ’ ਦੀ ਰੂਪ ਰਾਣੀ, ਭਾਜਪਾ ਦੀ ਪ੍ਰਿਯੰਕਾ ਅਤੇ ਕਾਂਗਰਸ ਦੀ ਨਿਰਮਲਾ ਦੇਵੀ ਵਿਚਕਾਰ ਮੁਕਾਬਲਾ ਹੈ। ਵਾਰਡ ਨੰਬਰ 17 ਵਿੱਚ ਕਾਂਗਰਸ ਦੇ ਰਾਧੇ ਸ਼ਿਆਮ, ‘ਆਪ’ ਦੇ ਪ੍ਰਭ ਦਿਆਲ ਅਤੇ ਭਾਜਪਾ ਦੇ ਰੀਗਲ ਗੋਇਲ ਮੈਦਾਨ ਵਿੱਚ ਹਨ। ਵਾਰਡ ਨੰਬਰ 18 ਵਿੱਚ ‘ਆਪ’ ਦੀ ਸੋਮਾ ਰਾਣੀ, ਭਾਜਪਾ ਦੀ ਮਾਇਆ ਦੇਵੀ ਅਤੇ ਕਾਂਗਰਸ ਦੇ ਪ੍ਰਵੀਨ ਵਿਚਕਾਰ ਚੋਣੀ ਮੁਕਾਬਲਾ ਹੈ। ਵਾਰਡ ਨੰਬਰ 19 ਵਿੱਚ ਭਾਜਪਾ ਦੇ ਸਾਬਕਾ ਕੌਂਸਲਰ ਬਲਬੀਰ ਸਿੰਘ, ‘ਆਪ’ ਦੇ ਭਗਵਾਨ ਸਿੰਘ ਅਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਦੇ ਨਾਲ ਅਕਾਲੀ ਦਲ ਦੇ ਅਮਰੀਕ ਸਿੰਘ ਵੀ ਮੈਦਾਨ ਵਿੱਚ ਹਨ। ਵਾਰਡ ਨੰਬਰ 20 ਵਿੱਚ ਭਾਜਪਾ ਦੀ ਸੁਰਕਸ਼ਾ ਗੁਪਤਾ, ‘ਆਪ’ ਦੀ ਸੁਨੀਤਾ ਰਾਣੀ ਅਤੇ ਕਾਂਗਰਸ ਦੀ ਊਸ਼ਾ ਰਾਣੀ ਵਿਚਕਾਰ ਟੱਕਰ ਹੈ, ਜਦਕਿ ਅਕਾਲੀ ਦਲ ਵੱਲੋਂ ਪਿੰਕੀ ਸ਼ਰਮਾ ਚੋਣ ਲੜ ਰਹੀ ਹੈ। ਵਾਰਡ ਨੰਬਰ 21 ਵਿੱਚ ਭਾਜਪਾ ਦੇ ਨਰਿੰਦਰ ਪ੍ਰਣਾਮੀ, ‘ਆਪ’ ਦੇ ਦੀਪਕ ਸ਼ਰਮਾ, ਕਾਂਗਰਸ ਦੇ ਸਾਵਨ ਸਿੰਘ ਅਤੇ ਅਕਾਲੀ ਦਲ ਦੇ ਸੁਸ਼ੀਲ ਕੁਮਾਰ ਟੀਟੂ ਚੋਣ ਮੈਦਾਨ ਵਿੱਚ ਹਨ। ਵਾਰਡ ਨੰਬਰ 22 ਵਿੱਚ ‘ਆਪ’ ਦੀ ਰਵਿੰਦਰ ਕੌਰ, ਭਾਜਪਾ ਦੀ ਰਾਜ ਰਾਣੀ, ਕਾਂਗਰਸ ਦੀ ਨੀਰੂ ਬਾਲਾ ਅਤੇ ਅਕਾਲੀ ਦਲ ਦੀ ਗੀਤਾ ਕਵਾਤਰਾ ਚੋਣ ਲੜ ਰਹੇ ਹਨ। ਵਾਰਡ ਨੰਬਰ 23 ਵਿੱਚ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ ਇਸ ਵਾਰ ‘ਆਪ’ ਦੀ ਟਿਕਟ ‘ਤੇ ਮੈਦਾਨ ਵਿੱਚ ਹਨ। ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਸੁਰਿੰਦਰ ਪਾਲ ਸਿੰਘ ਘੋਘਾ, ਕਾਂਗਰਸ ਦੇ ਨਰੇਸ਼ ਕੁਮਾਰ ਅਤੇ ਅਕਾਲੀ ਦਲ ਦੇ ਅਮਨਦੀਪ ਸਿੰਘ ਹਨ। ਵਾਰਡ ਨੰਬਰ 24 ਵਿੱਚ ਮੁੱਖ ਮੁਕਾਬਲਾ ‘ਆਪ’ ਦੀ ਅੰਕਿਤਾ ਸਚਦੇਵਾ ਅਤੇ ਭਾਜਪਾ ਦੀ ਅਨੀਤਾ ਰਾਣੀ ਵਿਚਕਾਰ ਮੰਨਿਆ ਜਾ ਰਿਹਾ ਹੈ, ਜਦਕਿ ਕਾਂਗਰਸ ਦੀ ਰਾਧਾ ਰਾਣੀ ਵੀ ਮੈਦਾਨ ਵਿੱਚ ਹੈ। ਇੱਥੇ ਅਕਾਲੀ ਦਲ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ। ਵਾਰਡ ਨੰਬਰ 25 ਵਿੱਚ ਭਾਜਪਾ ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਖੁਦ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ‘ਆਪ’ ਦੇ ਸੰਦੀਪ ਕੁਮਾਰ, ਕਾਂਗਰਸ ਦੇ ਰਾਹੁਲ ਅਤੇ ਅਕਾਲੀ ਦਲ ਦੇ ਸੰਨੀ ਸਿੰਘ ਮੈਦਾਨ ਵਿੱਚ ਹਨ।