ਪੰਜਾਬ ‘ਸਰ’ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਹੁੱਕਮ ਜਾਰੀ
ਪੰਜਾਬ ਸਰ ਕਰਵਾਉਣ ਲਈ ਹੁੱਕਮ ਜਾਰੀ
Publish Date: Mon, 18 May 2026 07:56 PM (IST)
Updated Date: Mon, 18 May 2026 07:57 PM (IST)

- ‘ਪ੍ਰੀ-ਸਰ ਵੋਟਰ ਮੈਪਿੰਗ’ ’ਚ ਜ਼ਿਲ੍ਹੇ ਦੇ ਇਕ ਲੱਖ ਤੋਂ ਵੱਧ ਵੋਟਰਾਂ ਦਾ ਨਹੀਂ ਹੋਇਆ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਨ -ਐੱਸਆਈਆਰ ਵਿੱਚ ਆਧਾਰ ਕਾਰਡ ਸਿਰਫ ਪਹਿਚਾਣ ਦਾ ਸਰੋਤ , ਪਹਿਚਾਣ ਦਾ ਸਬੂਤ ਨਹੀਂ -‘ਸਰ’ ਨੂੰ ਲੈ ਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ -25 ਜੂਨ ਤੋਂ 24 ਜੁਲਾਈ 2026 ਤੱਕ ਘਰੋਂ ਘਰੀਂ ਜਾ ਕੇ ਬੀਐੱਲਓਜ਼ ਭਰਵਾਉਣਗੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਫਾਰਮ -ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ: ਦੀਪਸ਼ਿਖਾ ਸ਼ਰਮਾ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਫੋਟੋ ਫਾਈਲ; 18ਐਫਜੈਡਆਰ 10 ------------------------------------------------------------------------- ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ‘ਸਰ’ ਕਰਵਾਉਣ ਲਈ ਹੁੱਕਮ ਜਾਰੀ ਕਰਦਿਆਂ ਹੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।ਦੂਜੇ ਸੂਬਿਆਂ ਤੋਂ ‘ਸਰ’ ਨੂੰ ਲੈ ਕੇ ਆਈਆਂ ਰਿਪੋਰਟਾਂ ਦੇ ਚੱਲਦਿਆਂ ਇਸ ਸਬੰਧੀ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਆਪੋ ਆਪਣੇ ਕਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰੇ ਕੀਤੇ ਜਾ ਰਹੇ ਹਨ। ਉਧਰ ਜ਼ਿਲ੍ਹਾ ਫਿਰੋਜ਼ਪੁਰ ਦੀ ‘ਪ੍ਰੀ-ਐਸ.ਆਈ.ਆਰ ਵੋਟਰ ਮੈਪਿੰਗ’ ’ਚ ਜ਼ਿਲ੍ਹੇ ਦੇ ਇੱਕ ਲੱਖ ਤੋਂ ਵੱਧ ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਨ ਨਾ ਹੋਣਾ ਜਿਥੇ ਸਿਆਸੀ ਧਿਰਾਂ ਵਿੱਚ ਕਈ ਤਰਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਆਸੀ ਧਿਰਾਂ ਦੇ ਖਦਸ਼ੇ ਦੂਰ ਕਰਦਿਆਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪਾਰਦਰਸ਼ੀ ਤਰੀਕੇ ਨਾਲ ਕਰਵਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਬਕਾਇਦਾ ਵੱਖ ਵੱਖ ਸਿਆਸੀ ਧਿਰਾਂ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਮਾਣਤਾ ਪ੍ਰਾਪਤ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ। ਅਜਿਹੇ ’ਚ ਜੋ ਕੁੱਝ ਵੀ ਹੋਵੇਗਾ ਉਹ ਪਾਰਦਰਸ਼ੀ ਢੰਗ ਨਾਲ ਸਾਰਿਆਂ ਦੇ ਸਾਹਮਣੇ ਹੋਵੇਗਾ । ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਚੋਣ ਹਲਕਾ 75-ਜ਼ੀਰਾ ਵਿਖੇ ਐੱਸਡੀਐੱਮ, ਜ਼ੀਰਾ, 76-ਫਿਰੋਜ਼ਪੁਰ (ਸ਼ਹਿਰੀ) ਵਿਖੇ ਐੱਸਡੀਐੱਮ ਫਿਰੋਜ਼ਪੁਰ, 77-ਫਿਰੋਜ਼ਪੁਰ (ਦਿਹਾਤੀ) ਵਿਖੇ ਏਡੀਸੀ (ਜ) ਫ਼ਿਰੋਜ਼ਪੁਰ ਅਤੇ 78-ਗੁਰੂਹਰਸਹਾਏ ਵਿਖੇ ਐੱਸਡੀਐੱਮ, ਗੁਰੂਹਰਸਹਾਏ ਬਤੌਰ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਡਿਊਟੀ ਨਿਭਾ ਰਹੇ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੁੱਲ 903 ਪੋਲਿੰਗ ਬੂਥ, 903 ਬੀਐੱਲਓਜ਼ ਅਤੇ 91 ਸੈਕਟਰ ਅਫਸਰ ਤੈਨਾਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਚੋਣਾਂ ਨਾਲ ਸਬੰਧਤ ਅਫਸਰਾਂ ਜਿਵੇਂ ਕਿ ਈ.ਆਰ.ਓ./ਏ.ਈ.ਆਰ.ਓ./ਸੁਪਰਵਾਈਜ਼ਰ/ਬੀ.ਐਲ.ਓ. ਨੂੰ ਟਰੇਨਿੰਗ ਅਤੇ ਇਨੂਮਰੇਸ਼ਨ ਫ਼ਾਰਮ ਡਾਊਨਲੋਡ ਅਤੇ ਪ੍ਰਿੰਟਿੰਗ 15 ਜੂਨ ਤੋਂ 24 ਜੂਨ 2026 ਤੱਕ ਕਰਵਾਈ ਜਾਵੇਗੀ। ਪ੍ਰੀ ਪ੍ਰਿੰਟਿਡ ਇਨੂਮਰੇਸ਼ਨ ਫ਼ਾਰਮ (02 ਪਰਤਾਂ ਵਿਚ) ਦੀ ਵੰਡ 25 ਜੂਨ ਤੋਂ 24 ਜੁਲਾਈ 2026 ਤੱਕ ਬੀਐੱਲਓਜ਼ ਰਾਹੀਂ ਆਪਣੇ ਪੋਲਿੰਗ ਏਰੀਆ ਦੇ ਅਧੀਨ ਆਉਂਦੇ ਘਰਾਂ ਵਿਚ ਜਾ ਕੇ ਕੀਤੀ ਜਾਵੇਗੀ। ਬੀਐੱਲਓਜ਼ ਵੱਲੋਂ ਇਨੂਮਰੇਸ਼ਨ ਫ਼ਾਰਮ ਦੀ ਇਕ ਪਰਤ ਵਿਚ ਸਬੰਧਤ ਵੋਟਰ ਦੀ ਜਾਣਕਾਰੀ, ਫੋਟੋ ਅਤੇ ਵੋਟਰ ਸੂਚੀ 2003 ਵਿਚ ਦਰਜ ਇੰਦਰਾਜ਼ਾਂ ਨੂੰ ਭਰਿਆ ਜਾਵੇਗਾ ਅਤੇ ਸਬੰਧਤ ਈਆਰਓ ਦਫਤਰ ਵਿੱਚ ਜਮਾਂ ਕਰਵਾਇਆ ਜਾਵੇਗਾ ਅਤੇ ਦੂਸਰੀ ਪਰਤ ਸਬੰਧਤ ਵੋਟਰ ਨੂੰ ਰਸੀਦ ਦੇ ਤੌਰ ’ਤੇ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਮੂਹ ਈਆਰਓਜ਼ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਰੇਸ਼ਨੈਲਾਇਜੇਸ਼ਨ 24 ਜੁਲਾਈ 2026 ਤੱਕ ਕੀਤੀ ਜਾਵੇਗੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ 2026 ਨੂੰ ਕੀਤੀ ਜਾਵੇਗੀ। 31 ਜੁਲਾਈ ਤੋਂ 30 ਅਗਸਤ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ ਅਤੇ 31 ਜੁਲਾਈ ਤੋਂ 28 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 01 ਅਕਤੂਬਰ 2026 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਯੋਗਤਾ 1 ਜਨਵਰੀ, 2003 ਦੀਆਂ ਵੋਟਰ ਸੂਚੀਆਂ ਨਾਲ ਮੌਜ਼ੂਦਾ ਵੋਟਰ ਸੂਚੀਆਂ ਨੂੰ ਜੋੜ ਦਿੱਤਾ ਗਿਆ ਹੈ ਜਿਸ ਨਾਲ ਵੋਟਰਾਂ ਨੂੰ ਪੁਰਾਣੀਆਂ ਵੋਟਰ ਸੂਚੀਆਂ ਨੂੰ ਲੱਭਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ। ਬੀਐੱਲਓਜ਼ ਘਰ-ਘਰ ਜਾ ਕੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਫਾਰਮ ਭਰਵਾਉਣਗੇ ਅਤੇ ਫਾਰਮ ਨੂੰ ਮੁੜ ਪ੍ਰਾਪਤ ਕਰਨ ਲਈ ਵੋਟਰਾਂ ਦੇ ਘਰ ਜਾ ਕੇ ਤਿੰਨ ਵਾਰ ਉਨ੍ਹਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਐੱਸਆਈਆਰ ਦੌਰਾਨ ਆਧਾਰ ਕਾਰਡ ਨੂੰ ਸਿਰਫ ਪਹਿਚਾਣ ਦੇ ਸਰੋਤ ਵਜੋਂ ਹੀ ਮਾਨਤਾ ਦਿੱਤੀ ਗਈ ਹੈ ਨਾ ਕਿ ਪਹਿਚਾਣ ਦੇ ਸਬੂਤ ਵਜੋਂ। ਐਸੀਆਈਆਰ ਦੌਰਾਨ ਬੀਐੱਲਏ ਲਗਪਗ 50 ਇਨੂਮਰੇਸ਼ਨ ਫ਼ਾਰਮ ਪ੍ਰਤੀ ਦਿਨ ਬੀਐੱਲਓ ਕੋਲ ਜਮ੍ਹਾ ਕਰਵਾ ਸਕਦੇ ਹਨ। ਮੀਟਿੰਗ ਵਿਚ ਤਹਿਸੀਲਦਾਰ ਚੋਣਾਂ ਸਤਿੰਦਰ ਸਿੰਘ, ਚੋਣ ਕਾਨੂੰਗੋ ਗਗਨਦੀਪ ਕੌਰ, ਆਮ ਆਦਮੀ ਪਾਰਟੀ ਤੋਂ ਬਖ਼ਸ਼ੀਸ਼ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਕੁਲਦੀਪ ਸਿੰਘ, ਸੀਪੀਆਈ ਤੋਂ ਹੰਸਾ ਸਿੰਘ, ਸ੍ਰੋਮਣੀ ਅਕਾਲੀ ਦਲ ਤੋਂ ਚਮਕੌਰ ਸਿੰਘ ਟਿੱਬੀ ਅਤੇ ਬੀਜੇਪੀ ਤੋਂ ਮਨਮੀਤ ਸਿੰਘ ਆਦਿ ਹਾਜ਼ਰ ਸਨ। 6,16,817 ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਨਹੀਂ ਹੋਇਆ ਮਿਲਾਨ ਜ਼ਿਲ੍ਹਾ ਚੋਣ ਅਫਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਕਮਿਸ਼ਨ ਦਾ ਉਦੇਸ਼ ‘ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀ-ਐਸ.ਆਈ.ਆਰ ਵੋਟਰ ਮੈਪਿੰਗ ਦੋਰਾਨ ਜ਼ਿਲ੍ਹੇ ਵਿਚ 18 ਮਈ 2026 ਤੱਕ ਲਗਪਗ 85.82 ਪ੍ਰਤੀਸ਼ਤ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 7,18,760 ਵੋਟਰਾਂ ਵਿੱਚੋਂ 6,16,817 ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਨ ਕਰ ਲਿਆ ਗਿਆ ਹੈ।ਇਸ ਹਿਸਾਬ ਨਾਲ ਇਕ ਲੱਖ ਇੱਕ ਹਜ਼ਾਰ 943 ਵੋਟਰਾਂ ਦਾ ਮੁੱਢਲੇ ਤੌਰ ’ਤੇ ਕੋਈ ਲੇੇਖਾ ਜੋਖਾ ਨਹੀਂ ਮਿਲ ਰਿਹਾ ਹੈ । ਉਨ੍ਹਾਂ ਨੂੰ ਆਪਣੇ ਆਪ ਨੂੰ ਹਿੰਦੁਸਤਾਨੀ , ਪੰਜਾਬੀ ਅਤੇ ਫਿਰੋਜ਼ਪੁਰੀਏ ਹੋਣ ਦਾ ਸਬੂਤ ਲੱਭ ਕੇ ਲਿਆਉਣਾ ਪਵੇਗਾ।