ਮੁੱਖ ਮੰਤਰੀ ਭਗਵੰਤ ਮਾਨ ਦੇ ਚਾਰ ਸਾਲਾਂ ਦੇ ਕੰਮ ਤੋਂ ਖੁੱਸ਼ ਹਨ ਪੰਜਾਬ ਦੇ ਲੋਕ : ਭੁੱਲਰ
ਵਾਰਡ ਨੰਬਰ 6 ਵਿਚ ਚੋਣ ਸਰਗਰਮੀਆਂ ਤੇਜ਼
Publish Date: Fri, 22 May 2026 04:22 PM (IST)
Updated Date: Fri, 22 May 2026 04:25 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਵਾਰਡ ਨੰਬਰ 6 ਤੋਂ ਉਮੀਦਵਾਰ ਗੁਲਸ਼ਨ ਗੱਖੜ ਦੇ ਹੱਕ ਵਿਚ ਕੀਤੇ ਗਏ ‘ਡੋਰ-ਟੂ-ਡੋਰ’ ਚੋਣ ਪ੍ਰਚਾਰ ਨੇ ਹਲਕੇ ਅੰਦਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿਚ ਸਿਆਸੀ ਹਲਚਲ ਬਹੁਤ ਤੇਜ਼ ਹੋ ਗਈ ਹੈ। ਇਸੇ ਲੜੀ ਤਹਿਤ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਖੁਦ ਮੈਦਾਨ ਵਿਚ ਨਿੱਤਰਦਿਆਂ ਵਾਰਡ ਨੰਬਰ 6 ਦੇ ਉਮੀਦਵਾਰ ਗੁਲਸ਼ਨ ਗੱਖੜ ਦੇ ਪੱਖ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਵਿਧਾਇਕ ਭੁੱਲਰ ਨੇ ਸਾਥੀਆਂ ਅਤੇ ਵਰਕਰਾਂ ਦੇ ਭਾਰੀ ਇਕੱਠ ਨਾਲ ਵਾਰਡ ਦੇ ਵੱਖ-ਵੱਖ ਬਾਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ਵਿਚ ਜਾ ਕੇ ਡੋਰ-ਟੂ-ਡੋਰ ਲੋਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਸਥਾਈ ਹੱਲ ਦਾ ਭਰੋਸਾ ਦਿੱਤਾ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਰ ਸਾਲ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁ਼ਸ਼ ਹਨ।ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਦਾ ਮੁੱਖ ਮਨੋਰਥ ਪੰਜਾਬ ਦੇ ਹਰ ਕੋਨੇ ਤੱਕ ਬਿਨ੍ਹਾ ਕਿਸੇ ਪੱਖਪਾਤ ਦੇ ਵਿਕਾਸ ਕਾਰਜਾਂ ਨੂੰ ਪਹੁੰਚਾਉਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਲਸ਼ਨ ਗੱਖੜ ਇਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਖੜ੍ਹਨ ਵਾਲੇ ਉਮੀਦਵਾਰ ਹਨ। ਉਨ੍ਹਾਂ ਨੂੰ ਜਿਤਾ ਕੇ ਨਗਰ ਕੌਂਸਲ ਵਿਚ ਭੇਜਣ ਨਾਲ ਵਾਰਡ ਨੰਬਰ 6 ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੀ ਨੁਹਾਰ ਬਦਲਣ ਲਈ ਗੁਲਸ਼ਨ ਗੱਖੜ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਉਣ। ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵੱਲੋਂ ਵਿਧਾਇਕ ਭੁੱਲਰ ਅਤੇ ਉਮੀਦਵਾਰ ਗੁਲਸ਼ਨ ਗੱਖੜ ਦਾ ਥਾਂ-ਥਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਕਈ ਜਗ੍ਹਾ ’ਤੇ ਲੋਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਗੁਲਸ਼ਨ ਗੱਖੜ ਨੇ ਵਿਧਾਇਕ ਭੁੱਲਰ ਅਤੇ ਵਾਰਡ ਦੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਭਰੋਸੇ ’ਤੇ ਹਮੇਸ਼ਾ ਖਰੇ ਉਤਰਨਗੇ ਅਤੇ ਵਾਰਡ ਨੂੰ ਇਕ ਮਾਡਲ ਵਾਰਡ ਵਜੋਂ ਵਿਕਸਿਤ ਕਰਨਾ ਹੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਆਗੂ, ਮੋਹਤਬਰ ਸ਼ਖਸੀਅਤਾਂ ਅਤੇ ਸਥਾਨਕ ਵਾਸੀ ਹਾਜ਼ਰ ਸਨ।