ਲਿਫਟਿੰਗ ਠੱਪ ਹੋਣ ਨਾਲ ਖੁੱਲ੍ਹੇ ਆਸਮਾਨ ਹੇਠ ਬੋਰੀਆਂ ਦੇ ਅੰਬਾਰ
ਲਿਫਟਿੰਗ ਠੱਪ ਹੋਣ ਨਾਲ ਜ਼ੀਰਾ ਦੀਆਂ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਕਣਕ ਦੀਆਂ ਬੋਰੀਆਂ ਦੇ ਅੰਬਾਰ
Publish Date: Sat, 16 May 2026 03:59 PM (IST)
Updated Date: Sat, 16 May 2026 04:00 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਅਤੇ ਆਸ-ਪਾਸ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਦੀ ਮੰਦ ਗਤੀ ਅਤੇ ਟਰੱਕਾਂ ਦੀ ਭਾਰੀ ਘਾਟ ਕਾਰਨ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਹੇਠ ਵੱਡੀ ਗਿਣਤੀ ਵਿੱਚ ਪਈਆਂ ਹਨ, ਜਿਸ ਕਾਰਨ ਮਾਲ ਦੇ ਖਰਾਬ ਹੋਣ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਦਾ ਸਾਰਾ ਵਪਾਰਕ ਚੱਕਰ ਪ੍ਰਭਾਵਿਤ ਹੋ ਗਿਆ ਹੈ ਅਤੇ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਵਿਭਾਗੀ ਅਧਿਕਾਰੀਆਂ ਮੁਤਾਬਕ ਇਲਾਕੇ ਦੀਆਂ ਸਰਕਾਰੀ ਪੁਲੰਥਾਂ ਲਗਭਗ ਭਰ ਚੁੱਕੀਆਂ ਹਨ, ਜਿਸ ਕਰਕੇ ਹੁਣ ਮਾਲ ਨੂੰ ਜ਼ੀਰਾ ਦੀ ਬਜਾਏ ਮਖੂ ਇਲਾਕੇ ਵਿਚ ਭੇਜਣ ਦੀ ਯੋਜਨਾ ਬਣਾਈ ਗਈ ਹੈ, ਪਰ ਦੂਰਦਰਾਜ਼ ਖੇਤਰਾਂ ਵਿਚ ਮਾਲ ਭੇਜਣ ਲਈ ਟਰੱਕਾਂ ਦੀ ਉਪਲੱਬਧਤਾ ਘੱਟ ਹੋਣ ਕਾਰਨ ਲਿਫਟਿੰਗ ਦੀ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਪੇਂਡੂ ਅਤੇ ਸ਼ਹਿਰੀ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਆੜ੍ਹਤੀਆਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ। ਆੜ੍ਹਤੀਆਂ ਨੇ ਦੱਸਿਆ ਕਿ ਲਿਫਟਿੰਗ ਵਿੱਚ ਦੇਰੀ ਕਾਰਨ ਚੋਰੀ, ਸ਼ਾਰਟੇਜ ਅਤੇ ਹੋਰ ਵਾਰਦਾਤਾਂ ਦਾ ਡਰ ਵੀ ਬਣਿਆ ਹੋਇਆ ਹੈ,ਜਿਸ ਨਾਲ ਉਨ੍ਹਾਂ ਨੂੰ ਦੁਹਰਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਜ਼ੀਰਾ ਦੇ ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਪਹਿਲਾਂ ਦੀ ਤਰ੍ਹਾਂ ਪ੍ਰਾਈਵੇਟ ਤੌਰ ’ਤੇ ਪੁਲੰਥਾਂ ਲਈ ਜਗ੍ਹਾ ਕਿਰਾਏ ’ਤੇ ਲੈ ਕੇ ਜ਼ੀਰਾ ਸ਼ਹਿਰ ਅੰਦਰ ਹੀ ਮਾਲ ਸਟੋਰ ਕਰਵਾਏ ਤਾਂ ਜੋ ਆੜ੍ਹਤੀਆਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਲਿਫਟਿੰਗ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆੜ੍ਹਤੀ ਮੰਡੀਆਂ ਬੰਦ ਕਰਕੇ ਧਰਨਾ-ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਟਰੱਕਾਂ ਦੀ ਤੁਰੰਤ ਸਪਲਾਈ ਯਕੀਨੀ ਬਣਾਉਣ ਅਤੇ ਲਿਫਟਿੰਗ ਦੀ ਰਫ਼ਤਾਰ ਤੇਜ਼ ਕਰਨ ਦੀ ਮੰਗ ਕੀਤੀ।