ਮਰਦਮਸ਼ੁਮਾਰੀ ਡਿਊਟੀਆਂ ਨੂੰ ਲੈ ਕੇ ਡੀਟੀਐੱਫ ਨੇ ਪ੍ਰਗਟਾਇਆ ਰੋਸ
ਮਰਦਮਸ਼ੁਮਾਰੀ ਡਿਊਟੀਆਂ ਨੂੰ ਲੈ ਕੇ ਡੀ.ਟੀ.ਐਫ. ਦਾ ਰੋਸ
Publish Date: Sat, 16 May 2026 03:53 PM (IST)
Updated Date: Sat, 16 May 2026 03:54 PM (IST)

ਨਵਦੀਪ ਸਿੰਘ.ਪੰਜਾਬੀ ਜਾਗਰਣ ਫਾਜ਼ਿਲਕਾ : ਮਰਦਮਸ਼ੁਮਾਰੀ ਦੌਰਾਨ ਅਧਿਆਪਕਾਂ ਦੀਆਂ ਦੂਰ-ਦੁਰਾਡੇ ਖੇਤਰਾਂ ਵਿੱਚ ਲਗਾਈਆਂ ਡਿਊਟੀਆਂ ਖ਼ਿਲਾਫ਼ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਇੱਕ ਵਫ਼ਦ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਸੌਂਪਿਆ। ਵਫ਼ਦ ਦੀ ਅਗਵਾਈ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕੀਤੀ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਕਈ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਸਕੂਲਾਂ ਅਤੇ ਰਿਹਾਇਸ਼ੀ ਸਥਾਨਾਂ ਤੋਂ 30 ਤੋਂ 40 ਕਿਲੋਮੀਟਰ ਦੂਰ ਲਗਾਈ ਗਈ ਹੈ। ਖ਼ਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਦੂਰ-ਦੁਰਾਡੇ ਢਾਣੀਆਂ ਵਿੱਚ ਡਿਊਟੀ ਦੇਣ ਕਾਰਨ ਸੁਰੱਖਿਆ ਅਤੇ ਆਵਾਜਾਈ ਦੀਆਂ ਗੰਭੀਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਿੱਖੀ ਗਰਮੀ ਦੇ ਮੌਸਮ ਵਿੱਚ ਸਕੂਲ ਸਮੇਂ ਤੋਂ ਬਾਅਦ ਅਜਿਹੇ ਖੇਤਰਾਂ ਵਿੱਚ ਡਿਊਟੀ ਕਰਨਾ ਸੰਭਵ ਨਹੀਂ। ਡੀਟੀਐੱਫ ਨੇ ਮੰਗ ਕੀਤੀ ਕਿ ਮਰਦਮਸ਼ੁਮਾਰੀ ਨਾਲ ਸੰਬੰਧਤ ਡਿਊਟੀਆਂ ਸਕੂਲ ਸਮੇਂ ਦੌਰਾਨ ਹੀ ਕਰਵਾਈਆਂ ਜਾਣ। ਇਸ ਮੌਕੇ ਕਈ ਅਧਿਆਪਕਾਂ ਵੱਲੋਂ ਆਪਣੀਆਂ ਨਿੱਜੀ ਮੁਸ਼ਕਲਾਂ ਸਬੰਧੀ ਅਰਜ਼ੀਆਂ ਵੀ ਡੀ.ਸੀ. ਨੂੰ ਦਿੱਤੀਆਂ ਗਈਆਂ। ਜਥੇਬੰਦੀ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਕੋਈ ਠੋਸ ਭਰੋਸਾ ਨਹੀਂ ਦਿੱਤਾ ਗਿਆ ਅਤੇ ਸਕੂਲ ਸਮੇਂ ਵਿੱਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਥੇਬੰਦੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨਾਲ ਵੀ ਇਸ ਮਸਲੇ ਸਬੰਧੀ ਗੱਲਬਾਤ ਹੋਈ ਸੀ, ਜਿਨ੍ਹਾਂ ਵੱਲੋਂ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਅੱਜ ਉਨ੍ਹਾਂ ਨਾਲ ਮਿਲਣ ਦੀ ਕੋਸ਼ਿਸ਼ ਵੀ ਸਫਲ ਨਹੀਂ ਹੋ ਸਕੀ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਡੀ.ਟੀ.ਐਫ. ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਅਧਿਆਪਕ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਨੌਰੰਗ ਲਾਲ, ਭਾਰਤ ਭੂਸ਼ਣ, ਰਮੇਸ਼ ਸੁਧਾ, ਮਹਿੰਦਰ ਇਕਵਨ, ਮੈਡਮ ਪੂਨਮ, ਪਾਇਲ ਸਮੇਤ ਹੋਰ ਅਧਿਆਪਕ ਆਗੂ ਵੀ ਮੌਜੂਦ ਸਨ।