ਮਿੱਟੀ ਦੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ : ਡਾ. ਢਿੱਲੋਂ
ਡਾ. ਤਰਸੇਮ ਸਿੰਘ ਢਿੱਲੋਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਦੌਰਾ
Publish Date: Wed, 29 Apr 2026 04:29 PM (IST)
Updated Date: Wed, 29 Apr 2026 04:31 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਵੱਲੋਂ ਬੀਤੇ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਿਰੋਜ਼ਪੁਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ ਟਰੇਨਿੰਗ, ਕੇ.ਵੀ.ਕੇ. ਫਿਰੋਜ਼ਪੁਰ ਨੇ ਡਾ. ਢਿੱਲੋਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੀ ਖੇਤੀ ਦੀ ਸਥਿਤੀ ਅਤੇ ਇਸ ਸਬੰਧੀ ਮੁਸ਼ਕਲਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਆਰੀ ਬੀਜ ਅਤੇ ਹੋਰ ਤਕਨੀਕੀ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਡਾ. ਢਿੱਲੋਂ ਨੇ ਕੇਂਦਰ ਵਿਚ ਸਥਿਤ ਤਕਨੀਕੀ ਪਾਰਕ, ਪ੍ਰਦਰਸ਼ਨੀ ਯੂਨਿਟਾਂ ਅਤੇ ਬੀਜ ਉਤਪਾਦਨ, ਗਰੇਡਿੰਗ ਤੇ ਪੈਕਿੰਗ ਦੇ ਕੰਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਕੇਂਦਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੇ.ਵੀ.ਕੇ. ਵਿਖੇ ਪਹੁੰਚੇ ਕਿਸਾਨਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਅਤੇ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਅਤੇ ਬਾਸਮਤੀ ਦੀਆਂ ਉੱਨਤ ਕਿਸਮਾਂ ਅਤੇ ਉਨ੍ਹਾਂ ਦੇ ਝਾੜ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਅਤੇ ਹਮੇਸ਼ਾ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਖਾਦਾਂ ਦੀ ਸੰਤੁਲਿਤ ਵਰਤੋਂ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਫ਼ਸਲ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ, ਬਲਕਿ ਇਹ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਅਤੇ ਬੇਲੋੜੇ ਖ਼ਰਚਿਆਂ ਨੂੰ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ। ਇਸ ਉਪਰੰਤ ਉਨ੍ਹਾਂ ਨੇ ਇਲਾਕੇ ਦੇ ਵੱਖ-ਵੱਖ ਮਿਰਚ ਉਤਪਾਦਕ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ, ਜਿੱਥੇ ਕਿਸਾਨਾਂ ਨੇ ਮਿਰਚਾਂ ਦੀ ਪੈਦਾਵਾਰ ਅਤੇ ਮੰਡੀਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ। ਡਾ. ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਤੇ ਲੋੜ ਅਨੁਸਾਰ ਵਰਤੋਂ ਕਰਕੇ ਖੇਤੀ ਲਾਗਤ ਖ਼ਰਚੇ ਘਟਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਢਿੱਲੋਂ ਨੇ ਵਧੇਰੇ ਮੁਨਾਫ਼ਾ ਕਮਾਉਣ ਲਈ ਪ੍ਰਭਾਵਸ਼ਾਲੀ ਮੰਡੀਕਰਨ ਦੀਆਂ ਬਾਰੀਕੀਆਂ ਬਾਰੇ ਦੱਸਿਆ ਅਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਵਿੱਚ ਤਕਨੀਕੀ ਸੂਝ-ਬੂਝ ਅਪਣਾ ਕੇ ਹੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।