ਡਾ. ਮੋਹਨ ਸਿੰਘ ਲਾਲਕਾ ਨੇ ਭਾਜਪਾ ਛੱਡੀ
ਡਾ. ਮੋਹਨ ਸਿੰਘ ਲਾਲਕਾ ਨੇ ਭਾਜਪਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
Publish Date: Wed, 06 May 2026 07:48 PM (IST)
Updated Date: Wed, 06 May 2026 07:50 PM (IST)

ਪੰਜਾਬੀ ਜਾਗਰਣ ਰਿਪੋਰਟ, ਫਿਰੋਜ਼ਪੁਰ : ਸਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿਚ ਹਲਚਲ ਵੇਖਣ ਨੂੰ ਮਿਲ ਰਹੀ ਹੈ । ਇਸੇ ਸਿਲਸਿਲੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐੱਸਸੀ ਮੋਰਚਾ ਦੇ ਸੀਨੀਅਰ ਆਗੂ ਡਾ. ਮੋਹਨ ਸਿੰਘ ਲਾਲਕਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜੇ ਡਾ. ਲਾਲਕਾ ਨੇ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ‘ਪੁਨਰ ਸੁਰਜੀਤ’ ਦਾ ਪੱਲਾ ਫੜ ਲਿਆ ਹੈ। ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਡਾ. ਮੋਹਨ ਸਿੰਘ ਲਾਲਕਾ ਨੂੰ ਸਿਰੋਪਾ ਭੇਂਟ ਕਰਕੇ ਪਾਰਟੀ ਚ ਸ਼ਮੂਲੀਅਤ ਕਰਵਾਈ । ਡਾਕਟਰ ਲਾਲਕਾ ਨੇ ਭਾਜਪਾ ਪਾਰਟੀ ਛੱਡਣ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਭਾਜਪਾ ਦੀ ਲੀਡਰਸ਼ਿਪ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਹੁਣ ਉਨ੍ਹਾਂ ਵਰਕਰਾਂ ਦੀ ਕੋਈ ਕਦਰ ਨਹੀਂ ਰਹੀ ਜੋ ਦਿਨ-ਰਾਤ ਜ਼ਮੀਨੀ ਪੱਧਰ ’ਤੇ ਮਿਹਨਤ ਕਰਦੇ ਹਨ। ਡਾ. ਲਾਲਕਾ ਨੇ ਕਿਹਾ ਕਿ ਪਾਰਟੀ ਹੁਣ ਸਿਰਫ਼ ਵੱਡੇ ਚਿਹਰਿਆਂ ਅਤੇ ਸਿਫਾਰਸ਼ੀ ਲੋਕਾਂ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ, ਜਦਕਿ ਵਫ਼ਾਦਾਰ ਅਤੇ ਟਕਸਾਲੀ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪਾਰਟੀ ਅੰਦਰ ਹੋ ਰਹੀ ਵਰਕਰਾਂ ਦੀ ਬੇਅਦਬੀ ਅਤੇ ਹੋਰ ਜਥੇਬੰਦਕ ਮਸਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਉੱਚ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਂਦੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਸੀਨੀਅਰ ਲੀਡਰਸ਼ਿਪ ਨੇ ਇਨ੍ਹਾਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਡਾ. ਲਾਲਕਾ ਨੇ ਸਪੱਸ਼ਟ ਕੀਤਾ ਕਿ ਜਿੱਥੇ ਵਰਕਰ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਦੀ ਹੋਵੇ, ਉੱਥੇ ਰਹਿ ਕੇ ਕੰਮ ਕਰਨਾ ਅਸੰਭਵ ਹੈ। ਅਕਾਲੀ ਦਲ ‘ਪੁਨਰ ਸੁਰਜੀਤ’ ਵਿਚ ਸ਼ਾਮਲ ਹੋਣ ਉਪਰੰਤ ਡਾ. ਲਾਲਕਾ ਨੇ ਆਪਣਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਹੁਣ ਨਵੀਂ ਊਰਜਾ ਨਾਲ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੇ ਸਮਰਥਕਾਂ ਵਿਚ ਇਸ ਫੈਸਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸਿਆਸਤ ਕਰਨਾ ਨਹੀਂ, ਸਗੋਂ ਆਪਣੇ ਹਲਕੇ ਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਨਾ ਹੈ। ਫ਼ਿਰੋਜ਼ਪੁਰ ਦਿਹਾਤੀ ਮੇਰਾ ਕਰਮ ਖੇਤਰ ਹੋਵੇਗਾ।