ਟੀਕਾਕਰਨ ਤੇ ਮਾਤਾ-ਬੱਚਾ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਵੱਲੋਂ ਆਮ ਆਦਮੀ ਕਲੀਨਿਕ ਦਾ ਦੌਰਾ
Publish Date: Wed, 20 May 2026 05:02 PM (IST)
Updated Date: Wed, 20 May 2026 05:04 PM (IST)

ਨਵਜੋਤ ਸਿੰਘ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਸਿਹਤ ਵਿਭਾਗ ਵੱਲੋਂ ਮਾਤਾ ਅਤੇ ਬੱਚਾ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਵੱਲੋਂ ਡੱਬਵਾਲਾ ਕਲਾਂ ਅਧੀਨ ਵੱਖ-ਵੱਖ ਪਿੰਡਾਂ ਅਤੇ ਆਮ ਆਦਮੀ ਕਲੀਨਿਕ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਡਾ. ਚਾਵਲਾ ਨੇ ਮਮਤਾ ਦਿਵਸ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ, ਜਿਸ ਵਿੱਚ ਗਰਭਵਤੀ ਮਹਿਲਾਵਾਂ ਦੀ ਜਾਂਚ, ਬੱਚਿਆਂ ਦਾ ਟੀਕਾਕਰਨ, ਸਿਹਤ ਜਾਂਚ ਅਤੇ ਪੋਸ਼ਣ ਸਬੰਧੀ ਸੇਵਾਵਾਂ ਸ਼ਾਮਲ ਸਨ। ਉਨ੍ਹਾਂ ਨੇ ਮਾਤਾਵਾਂ ਅਤੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਬੱਚਿਆਂ ਦੇ ਪੂਰਨ ਅਤੇ ਸਮੇਂ ਸਿਰ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਨਮ ਤੋਂ ਲੈ ਕੇ ਨਿਰਧਾਰਿਤ ਉਮਰ ਤੱਕ ਸਾਰੇ ਲਾਜ਼ਮੀ ਟੀਕੇ ਲਗਵਾਉਣ ਨਾਲ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਾਰਡ ਸੁਰੱਖਿਅਤ ਰੱਖਣ ਅਤੇ ਨਿਯਮਤ ਤੌਰ ‘ਤੇ ਸਿਹਤ ਕੇਂਦਰਾਂ ਵਿੱਚ ਪਹੁੰਚ ਕਰਨ ਦੀ ਅਪੀਲ ਕੀਤੀ ਗਈ। ਡਾ. ਚਾਵਲਾ ਨੇ ਆਸ਼ਾ ਵਰਕਰਾਂ ਅਤੇ ਏਐਨਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਹਰ ਬੱਚੇ ਦੀ ਪੂਰੀ ਨਿਗਰਾਨੀ ਰੱਖਣ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਨੇ ਕਿਹਾ ਕਿ ਲਾਪਰਵਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਮਾਤਾਵਾਂ ਨੂੰ ਸੰਤੁਲਿਤ ਆਹਾਰ ਅਤੇ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਦੇਣ ਦੀ ਅਹਿਮੀਅਤ ਬਾਰੇ ਵੀ ਜਾਗਰੂਕ ਕੀਤਾ। ਇਸ ਨਾਲ ਬੱਚਿਆਂ ਦੀ ਰੋਗ-ਰੋਕੂ ਸਮਰੱਥਾ ਵਧਦੀ ਹੈ ਅਤੇ ਉਹ ਸਿਹਤਮੰਦ ਰਹਿੰਦੇ ਹਨ।ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਵਾਸੀਆਂ ਨੂੰ ਸਫਾਈ, ਪੋਸ਼ਣ ਅਤੇ ਸਿਹਤ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ। ਸਥਾਨਕ ਲੋਕਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ।ਇਸ ਦੌਰੇ ਦੌਰਾਨ ਡਾ. ਰਾਜਵੀਰ ਕੰਬੋਜ਼, ਦਿਵੇਸ਼ ਕੁਮਾਰ ਅਤੇ ਪ੍ਰਕਾਸ਼ ਸਿੰਘ ਵੀ ਹਾਜ਼ਰ ਸਨ।