ਸੰਯੁਕਤ ਸਮਾਜ ਮੋਰਚਾ (ਰਾਜਨੀਤਕ) ਦੇ ਜ਼ਿਲ੍ਹਾ ਪ੍ਰਧਾਨ ਮੌੜਾ ਸਿੰਘ ਅਣਜਾਨ ‘ਆਪ’ ’ਚ ਸ਼ਾਮਲ
ਸੰਯੁਕਤ ਸਮਾਜ ਮੋਰਚਾ (ਰਾਜਨੀਤਕ) ਦੇ ਜ਼ਿਲ੍ਹਾ ਪ੍ਰਧਾਨ ਮੌੜਾ ਸਿੰਘ ਅਣਜਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ
Publish Date: Sat, 30 May 2026 03:35 PM (IST)
Updated Date: Sat, 30 May 2026 03:38 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸੋਚ ਅਤੇ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਫਿਰੋਜ਼ਪੁਰ ਤੋਂ ਸਯੁੰਕਤ ਸਮਾਜ ਮੋਰਚਾ (ਰਾਜਨੀਤਿਕ) ਦੇ ਜ਼ਿਲ੍ਹਾ ਪ੍ਰਧਾਨ ਮੋੜਾ ਸਿੰਘ ਅਣਜਾਨ ਆਪਣੇ ਸਾਥੀਆਂ ਸਣੇ ‘ਆਪ’ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਮੋੜਾ ਸਿੰਘ ਅਣਜਾਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਾਰਟੀ ’ਚ ਸ਼ਮੂਲੀਅਤ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਮੋੜ੍ਹਾ ਸਿੰਘ ਅਣਜਾਣ ਅਤੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਮੌੜਾ ਸਿੰਘ ਅਣਜਾਨ ਆਮ ਆਦਮੀ ਪਾਰਟੀ ਦੇ ਉੱਘੇ ਆਗੂਆਂ ਵਜੋਂ ਜਾਣੇ ਜਾਂਦੇ ਰਹੇ ਹਨ ਤੇ ਪਾਰਟੀ ਦੀ ਫਿਰੋਜ਼ਪੁਰ ਵਰਗੇ ਸਰਹੱਦੀ ਏਰੀਏ ਵਿਚ ਪਛਾਣ ਬਣਾਉਣ ਵਿੱਚ ਉਹਨਾਂ ਅਹਿਮ ਭੂਮਿਕਾ ਨਿਭਾਈ ਸੀ। ਹਲਕਾ ਫਿਰੋਜ਼ਪੁਰ ਦਿਹਾਤੀ ਤੋਂ 2022 ਵਿਚ ਆਮ ਆਦਮੀ ਪਾਰਟੀ ਵੱਲੋਂ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਟਿਕਟ ਦਿਤੇ ਜਾਣ ਤੇ ਆਪਣੀ ਟਿਕਟ ਕੱਟੇ ਜਾਣ ਤੇ ਨਰਾਜਗੀ ਵਜੋਂ ਉਨ੍ਹਾਂ ਪਾਰਟੀ ਛੱਡ ਦਿੱਤੀ ਸੀ। ਉਸ ਤੋਂ ਬਾਅਦ ਹੋਏ ਸਿਆਸੀ ਫੇਰ ਬਦਲ ਵਿਚ ਅਮਰਦੀਪ ਸਿੰਘ ਆਸ਼ੂ ਬੰਗੜ ਵੀ ਟਿਕਟ ਮਿਲਣ ਦੇ ਬਾਵਜੂਦ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਤੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਜਦ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਨਵੇਂ ਚਿਹਰੇ ਐਡਵੋਕੇਟ ਰਜਨੀਸ਼ ਦਹੀਆ ਨੇ ਚੋਣ ਲੜੀ ਸੀ ਤੇ ਉਹ ਇਸ ਵਿਚ ਕਾਮਯਾਬ ਹੋਏ ਸਨ। ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜਾ ਸਿੰਘ ਅਣਜਾਣ ਦਾ ਫਿਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਖਾਸ ਕਰਕੇ ਹਲਕਾ ਫਿਰੋਜ਼ਪੁਰ ਦਿਹਾਤੀ ਵਿੱਚ ਇੱਕ ਨਵੀਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੂਜੇ ਪਾਸੇ ਕੁਝ ਪੁਰਾਣੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਮੌੜਾ ਸਿੰਘ ਅਣਜਾਨ ਦਾ ਮੁੜ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਇਸ ਨੂੰ ਪਾਰਟੀ ਵਾਸਤੇ ਸ਼ੁਭ ਸੰਕੇਤ ਦੱਸਿਆ ਹੈ ।